ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਕਤਲ ਕੇਸ ਵਿਚ ਸੂਬੇ ਦਾ ਪੱਖ ਪੇਸ਼ ਕਰਨ ਵਾਸਤੇ ਇਕ ਜੂਨੀਅਰ ਵਕੀਲ ਭੇਜ ਕੇ ਸਾਬਕਾ ਕ੍ਰਿਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਦੇ ਮੁੱਦੇ ਉਤੇ ਕਾਂਗਰਸ ਦੀ ਨੀਅਤ ਉਸ ਸਮੇਂ ਸਪੱਸ਼ਟ ਹੋ ਗਈ ਸੀ, ਜਦੋਂ ਨਵਜੋਤ ਸਿੰਘ ਵਲੋਂ ਮਾਰੇ ਗਏ ਬਜ਼ੁਰਗ ਦੇ ਵਾਰਿਸਾਂ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਵਲੋਂ ਇਕ ਕਮਜ਼ੋਰ ਵਕੀਲ ਮੁਹੱਈਆ ਕਰਵਾਇਆ ਗਿਆ ਸੀ ਤਾਂ ਕਿ ਸਿੱਧੂ ਨੂੰ ਇਸ ਮਾਮਲੇ ਵਿਚੋਂ ਰਾਹਤ ਦਿਵਾਈ ਜਾ ਸਕੇ।
ਮਜੀਠੀਆ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੁਆਬ ਦੇਵੇ ਕਿ ਉਸ ਨੇ ਨਵਜੋਤ ਸਿੱਧੂ ਦੇ ਘਸੁੰਨਾਂ ਦਾ ਸ਼ਿਕਾਰ ਹੋਏ ਗੁਰਨਾਮ ਸਿੰਘ ਦੇ ਪਰਿਵਾਰ ਨਾਲ ਇੰਨੀ ਮਾੜੀ ਕਿਉਂ ਕੀਤੀ ਹੈ?
ਉਨ੍ਹਾਂ ਕਿਹਾ ਕਿ ਇਹ ਪਰਿਵਾਰ ਪਹਿਲਾਂ ਹੀ ਮੁਕੱਦਮੇ ਕਰਕੇ ਖਰਚੇ ਦੇ ਬੋਝ ਥੱਲੇ ਦੱਬ ਚੁੱਕਿਆ ਹੈ। ਹੁਣ ਜਦੋਂ ਇਹ ਪਰਿਵਾਰ ਸਿੱਧੂ ਵੱਲੋਂ ਟੈਲੀਵਿਜ਼ਨ ਉੱਤੇ ਕੀਤੇ ਇਕਬਾਲ ਵਜੋਂ ਇਕ ਠੋਸ ਸਬੂਤ ਲੈ ਕੇ ਆਇਆ ਹੈ, ਜਿਸ ਵਿਚ ਸਿੱਧੂ ਸਵੀਕਾਰ ਕਰਦਾ ਹੈ ਕਿ ਉਹ ਅਪਰਾਧ ਵਾਲੀ ਥਾਂ 'ਤੇ ਮੌਜੂਦ ਸੀ ਅਤੇ ਉਸ ਦੀ ਗੁਰਨਾਮ ਨਾਲ ਲੜਾਈ ਹੋ ਗਈ ਸੀ ਅਤੇ ਉਸ ਵਲੋਂ ਮਾਰੇ ਘਸੁੰਨਾਂ ਕਰਕੇ ਪੀੜਤ ਦੀ ਮੌਤ ਹੋ ਗਈ ਸੀ ਤਾਂ ਪੰਜਾਬ ਸਰਕਾਰ ਨੇ ਸਿੱਧੂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ।
ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਕੇਸ ਦਰਜ
NEXT STORY