ਚੰਡੀਗੜ੍ਹ - ਟੋਲ ਪਲਾਜ਼ਾ ਵਰਕਰ ਯੂਨੀਅਨ ਵਲੋਂ ਪੰਜਾਬ ਦੀਆਂ ਸੜਕਾਂ ਉਤੇ ਲਾਏ ਗਏ ਟੋਲ ਪਲਾਜ਼ਿਆਂ ਦੇ ਮਾਲਕਾਂ ਦੇ ਜੰਗਲ ਰਾਜ ਵਿਰੁੱਧ ਆਰੰਭ ਕੀਤੇ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰਦੇ ਅੱਜ ਇਥੇ ਜਾਰੀ ਬਿਆਨ ਵਿਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਕੰਪਨੀਆਂ ਮਨਮਾਨੇ ਢੰਗਾਂ ਨਾਲ ਵਾਹਨਾਂ ਤੋਂ ਟੋਲ ਫੀਸ ਵਸੂਲ ਰਹੀਆਂ ਹਨ, ਜਿਸ ਦਾ ਸਮੁੱਚੀ ਟਰਾਂਸਪੋਰਟ 'ਤੇ ਬਹੁਤ ਹੀ ਅਸਰ ਪੈ ਰਿਹਾ ਹੈ। ਟੋਲ ਫੀਸਾਂ ਦਾ ਭਾਰ ਸਰਕਾਰੀ ਬੱਸਾਂ ਦੇ ਪ੍ਰਬੰਧਕਾਂ ਵਲੋਂ ਬੱਸ ਕਿਰਾਇਆਂ ਵਿਚ ਵਾਧਾ ਕਰਕੇ ਆਮ ਲੋਕਾਂ ਉਤੇ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਟਰੱਕਾਂ ਤੇ ਢੋਅ-ਢੁਆਈ ਦਾ ਕੰਮ ਕਰਨ ਵਾਲੇ ਵਾਹਨਾਂ ਉਤੇ ਲਾਏ ਜਾ ਰਹੇ ਟੋਲ ਟੈਕਸ ਦਾ ਭਾਰ ਵੀ ਵੱਖ-ਵੱਖ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਰੂਪ ਵਿਚ ਆਮ ਲੋਕਾਂ ਨੂੰ ਹੀ ਸਹਿਣ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਟ੍ਰੈਫਿਕ ਜਾਮ ਦਾ ਵੀ ਕਾਰਨ ਬਣ ਰਹੇ ਹਨ ਜਿਸ ਕਾਰਨ ਹਵਾ ਪ੍ਰਦੂਸ਼ਣ ਵੀ ਵਧਦਾ ਜਾ ਰਿਹਾ ਹੈ। ਇਨ੍ਹਾਂ ਵੱਖ-ਵੱਖ ਟੋਲ ਪਲਾਜ਼ਾ ਕੰਪਨੀਆਂ ਵੱਲੋਂ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਟੋਲ ਪਲਾਜ਼ਿਆਂ ਵਿਚ ਕੰਮ ਕਰਦੇ ਕਿਰਤੀਆਂ ਦਾ ਘੋਰ ਅਣ-ਮਨੁੱਖੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਟੂ ਇਨ੍ਹਾਂ ਕਾਮਿਆਂ ਨਾਲ ਪੂਰੀ ਤਰ੍ਹਾਂ ਹੈ ਤੇ ਕੰਪਨੀਆਂ ਦਾ ਜੰਗਲ ਰਾਜ ਨਹੀਂ ਚੱਲਣ ਦਿੱਤਾ ਜਾਵੇਗਾ। ਸੀਟੂ ਆਗੂ ਨੇ ਬਿਆਨ ਜਾਰੀ ਕਰਦੇ ਹੋਏ ਅੱਗੇ ਕਿਹਾ ਹੈ ਕਿ ਅਨੇਕਾਂ ਟੋਲ ਪਲਾਜ਼ਾ ਕੰਪਨੀਆਂ ਵਲੋਂ ਕਿਰਤੀਆਂ ਤੋਂ 12-12 ਘੰਟੇ ਲਗਾਤਾਰ ਰੋਜ਼ਾਨਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਿਰਤੀਆਂ ਨੂੰ ਉਨ੍ਹਾਂ ਦੇ ਹੁਨਰ ਅਨੁਸਾਰ ਘੱਟੋ-ਘੱਟ ਉਜਰਤ, ਬੋਨਸ, 8 ਘੰਟੇ ਤੋਂ ਵੱਧ ਸਮਾਂ ਕੰਮ ਕਰਨ ਦੀ ਹਾਲਤ ਵਿਚ ਵਾਧੂ ਸਮੇਂ ਦੇ ਕੰਮ ਬਦਲੇ ਦੁੱਗਣੀ ਉਜਰਤ, ਗ੍ਰੈਚੂਟੀ, ਈ. ਐੱਸ. ਆਈ. ਅਤੇ ਈ. ਪੀ. ਐੱਫ. ਸਮੇਤ ਕੋਈ ਵੀ ਕਾਨੂੰਨੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਸ਼੍ਰੋਮਣੀ ਕਮੇਟੀ ਦੀਆਂ ਕੰਟੀਨਾਂ ਤੇ ਮੈੱਸ 'ਚ ਵਰਤਾਇਆ ਜਾਂਦੈ ਮੀਟ (video)
NEXT STORY