ਸੰਦੌੜ (ਰਿਖੀ)—'ਸਮੇਂ ਨਾਲੋਂ ਜ਼ਿੰਦਗੀ ਕੀਮਤੀ ਹੈ', 'ਹੌਲੀ ਚੱਲੋ ਤੁਹਾਡਾ ਕੋਈ ਘਰ ਵੀ ਇੰਤਜ਼ਾਰ ਕਰ ਰਿਹਾ ਹੈ', 'ਕਾਹਲੀ ਅੱਗੇ ਟੋਏ ਹੀ ਹੁੰਦੇ ਹਨ', 'ਸਾਵਧਾਨੀ ਹੀ ਸੁਰੱਖਿਆ ਹੈ' ਅਜਿਹੇ ਕਿੰਨੇ ਹੀ ਸਿੱਖਿਆ ਦਾਇਕ ਸਲੋਗਨ ਅਕਸਰ ਸਾਨੂੰ ਸੜਕਾਂ ਕੰਢੇ ਪੜ੍ਹਨ ਨੂੰ ਮਿਲਦੇ ਹਨ ਪਰ ਦਿਨੋਂ-ਦਿਨ ਸੜਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਤਾਂ ਇਹੀ ਸਾਬਤ ਕਰ ਰਹੀ ਹੈ ਕਿ ਲੋਕ ਸੜਕੀ ਨਿਯਮਾਂ ਪ੍ਰਤੀ ਜ਼ਿਆਦਾ ਗੰਭੀਰ ਨਹੀਂ ਹਨ ਅਤੇ ਸਾਡੇ ਦੇਸ਼ 'ਚ ਟ੍ਰੈਫਿਕ ਨਿਯਮਾਂ ਨੂੰ ਤੋੜਨਾ ਬਹੁਤ ਲੋਕਾਂ ਲਈ ਆਮ ਜਿਹੀ ਗੱਲ ਬਣ ਗਿਆ ਜਾਪਦਾ ਹੈ ।
ਭਾਵੇਂ ਟ੍ਰੈਫਿਕ ਪੁਲਸ ਤੇ ਸਰਕਾਰਾਂ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਜਾਂ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ ਪਰ ਲੋਕਾਂ 'ਚ ਕਾਹਲੀ ਇੰਨੀ ਵੱਧ ਰਹੀ ਹੈ ਕਿ ਇਨ੍ਹਾਂ ਉਪਰਾਲਿਆਂ ਦੀ ਕਦਰ ਨਹੀਂ ਪਾਈ ਜਾ ਰਹੀ। ਸੜਕੀ ਆਵਾਜਾਈ ਦੀ ਸਹੂਲਤ ਲਈ ਵਿਭਾਗ ਵੱਲੋਂ ਕਰੋੜਾਂ ਦੀ ਲਾਗਤ ਨਾਲ ਟੂ ਲੇਨ ਜਾਂ ਫੋਰਲੇਨ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਲੰਘਣ ਲਈ ਟ੍ਰੈਫਿਕ ਚਿੰਨ੍ਹ ਲਾਏ ਜਾ ਰਹੇ ਹਨ। ਸੜਕਾਂ ਵਿਚਕਾਰ ਡਿਵਾਈਡਰ ਬਣਾਏ ਜਾ ਰਹੇ ਹਨ ਤਾਂ ਜੋ ਆਉਣ ਤੇ ਜਾਣ ਵਾਲੀ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ। ਇਕ ਕਿਲੋਮੀਟਰ ਤੋਂ ਬਾਅਦ ਰਸਤਾ ਰੱਖਿਆ ਜਾਂਦਾ ਹੈ ਪਰ ਸ਼ਾਰਟ-ਕੱਟ ਦੇ ਚਾਹਵਾਨ ਕਾਹਲੇ ਲੋਕਾਂ ਨੇ ਬਹੁਤੀ ਥਾਈਂ ਗੈਰ-ਕਾਨੂੰਨੀ ਸ਼ਾਰਟ-ਕੱਟ ਬਣਾ ਲਏ ਹਨ, ਜੋ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ ।
ਦੋ-ਪਹੀਆ ਤੋਂ ਚਾਰ ਪਹੀਆ ਵਾਹਨ ਲੰਘਾਉਣ ਦਾ ਬਣਾ ਲਿਆ ਜਾਂਦੈ ਰਸਤਾ : ਅਜਿਹੀਆਂ ਸੜਕਾਂ 'ਤੇ ਪਹਿਲਾਂ ਡਿਵਾਈਡਰ ਤੋੜ ਕੇ ਸਾਈਕਲ ਜਾਂ ਸਕੂਟਰ ਲੰਘਣ ਲਈ ਰਸਤਾ ਬਣਾ ਲਿਆ ਜਾਂਦਾ ਹੈ ਫਿਰ ਇਕ ਦਿਨ ਕਾਰਾਂ-ਗੱਡੀਆਂ ਲੰਘਣ ਦਾ ਰਸਤਾ ਵੀ ਬਣ ਜਾਂਦਾ ਹੈ। ਬਹੁਤੇ ਲੋਕ ਸਹੀ ਕੱਟ 'ਤੇ ਜਾਣ ਦੀ ਬਜਾਏ ਅਜਿਹੇ ਗੈਰ-ਕਾਨੂੰਨੀ ਕੱਟਾਂ ਤੋਂ ਹੀ ਲੰਘਣ ਲੱਗ ਜਾਂਦੇ ਹਨ, ਜਿਥੇ ਸਪੀਡ ਨਾਲ ਆ ਰਹੀਆਂ ਗੱਡੀਆਂ ਨਾਲ ਹਾਦਸੇ ਹੋ ਜਾਂਦੇ ਹਨ ਅਤੇ ਇਹ ਸ਼ਾਰਟ-ਕੱਟ ਹਮੇਸ਼ਾ ਲਈ ਜੀਵਨ ਦੇ ਅੰਤ ਦਾ ਕਾਰਨ ਬਣ ਜਾਂਦੇ ਹਨ ।
ਲੋਕਾਂ ਦੇ ਦਬਾਅ ਹੇਠ ਛੱਡ ਦਿੱਤੇ ਜਾਂਦੇ ਨੇ ਕੱਟ : ਸੰਗਰੂਰ, ਧੂਰੀ, ਮਾਲੇਰਕੋਟਲਾ ਸ਼ਹਿਰਾਂ ਦੇ ਲੋਕਲ ਏਰੀਏ ਤੇ ਭੀੜ ਵਾਲੇ ਇਲਾਕਿਆਂ 'ਚ ਅਕਸਰ ਅਜਿਹੇ ਰਸਤਿਆਂ ਤੋਂ ਸੜਕ ਪਾਰ ਕਰਦੇ ਲੋਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ । ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤੀ ਥਾਈਂ ਤਾਂ ਸੜਕੀ ਨਿਯਮਾਂ ਦੇ ਉਲਟ ਲੋਕਾਂ ਦੇ ਦਬਾਅ ਹੇਠ ਸੜਕ ਪਾਰ ਕਰਨ ਦੇ ਰਸਤੇ ਰੱਖ ਦਿੱਤੇ ਜਾਂਦੇ ਹਨ, ਜੋ ਕਿ ਕਿਸੇ ਵੀ ਕੀਮਤ 'ਤੇ ਰੱਖਣੇ ਨਹੀਂ ਚਾਹੀਦੇ ਕਿਉਂਕਿ ਇਨਸਾਨਾਂ ਦੀ ਜ਼ਿੰਦਗੀ ਨਾਲੋਂ ਕੁਝ ਵੀ ਕੀਮਤੀ ਨਹੀਂ ਹੈ ਅਤੇ ਅਜਿਹੇ ਰਸਤਿਆਂ ਤੋਂ ਲੰਘਣ ਵਾਲੇ ਸਾਹਮਣੇ ਤੋਂ ਸਹੀ ਆ ਰਹੇ ਵਾਹਨ ਚਾਲਕ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ ।
ਗੈਰ-ਕਾਨੂੰਨੀ ਲਾਂਘੇ ਬਣਦੇ ਨੇ ਬਹੁਤੇ ਹਾਦਸਿਆਂ ਦਾ ਕਾਰਨ : ਟ੍ਰੈਫਿਕ ਇੰਚਾਰਜ
ਸੜਕੀ ਆਵਾਜਾਈ ਤੇ ਵੱਧ ਰਹੇ ਹਾਦਸਿਆਂ ਬਾਰੇ ਜਦੋਂ ਪਵਨ ਕੁਮਾਰ ਸ਼ਰਮਾ ਟ੍ਰੈਫਿਕ ਇੰਚਾਰਜ ਧੂਰੀ ਤੇ ਸ਼ੇਰਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਬਣੇ ਲਾਂਘੇ ਹੀ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਲੋਕ ਵਾਹਨ ਚਲਾਉਣ ਸਮੇਂ ਸਾਵਧਾਨੀ ਨਹੀਂ ਰੱਖਦੇ। ਮੋਬਾਇਲ ਦੀ ਵਰਤੋਂ ਕਰਦੇ ਹਨ ਜਾਂ ਤੇਜ਼ ਰਫਤਾਰ ਰੱਖਦੇ ਹਨ । ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਸ਼ਾਰਟ-ਕੱਟ ਨਹੀਂ ਹੋਣ ਚਾਹੀਦਾ ਕਿਉਂਕਿ ਹਾਦਸੇ ਨਾਲੋਂ ਦੂਰ ਦੀ ਲੰਘ ਕੇ ਆਉਣਾ ਚੰਗਾ ਹੈ ।
ਗੈਰ-ਕਾਨੂੰਨੀ ਕੱਟਾਂ ਲਈ ਕੋਈ ਸਿਆਸੀ ਦਬਾਅ ਨਹੀਂ ਮੰਨਣਾ ਚਾਹੀਦਾ : ਡਾ. ਮਾਨ
ਇਸ ਸਬੰਧੀ ਜ਼ਿਲਾ ਟ੍ਰੈਫਿਕ ਮਾਰਸ਼ਲ ਤੇ ਸਮਾਜ ਸੇਵੀ ਡਾ. ਏ. ਐੱਸ. ਮਾਨ ਨੇ ਕਿਹਾ ਕਿ ਅੱਜ ਐਕਸੀਡੈਂਟ ਇੰਨੇ ਵੱਧ ਗਏ ਹਨ ਕਿ ਹਰ ਤੀਜੇ ਮਿੰਟ ਐਕਸੀਡੈਂਟ ਹੋ ਰਿਹਾ ਹੈ ਅਤੇ ਇਨ੍ਹਾਂ ਐਕਸੀਡੈਂਟਾਂ ਨੂੰ ਘਟਾਉਣ ਲਈ ਸਰਕਾਰ ਸੜਕਾਂ ਚੌੜੀਆਂ ਕਰਨ ਲੱਗੀ ਹੈ ਪਰ ਲੋਕਾਂ ਨੇ ਧੱਕੇ ਨਾਲ ਸੜਕਾਂ ਵਿਚ ਗੈਰ-ਕਾਨੂੰਨੀ ਕੱਟ ਬਣਾ ਲਏ, ਜੋ ਬਹੁਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਕੱਟ ਤੁਰੰਤ ਬੰਦ ਹੋਣੇ ਚਾਹੀਦੇ ਹਨ। ਜਿਥੇ ਕਿਤੇ ਲੀਗਲ ਕੱਟ ਹਨ, ਉਥੇ ਚਮਕਦਾਰ ਲਾਈਟਾਂ ਜ਼ਰੂਰੀ ਹਨ ਕਿਉਂਕਿ ਕਈ ਲੋਕ ਇਨ੍ਹਾਂ 'ਤੇ ਵੀ ਅਣਗਹਿਲੀ ਵਰਤਦੇ ਹਨ । ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕੱਟਾਂ ਲਈ ਕੋਈ ਸਿਆਸੀ ਦਬਾਅ ਨਹੀਂ ਮੰਨਣਾ ਚਾਹੀਦਾ ।
ਪੰਜਾਬ 'ਚ ਸਾਹਮਣੇ ਆਇਆ ਸਨਸਨੀਖੇਜ਼ ਮਾਮਲਾ, ਹਰਿਦੁਆਰ ਤੋਂ ਆਈ ਵਿਦਿਆਰਥਣ ਹੋਸਟਲ 'ਚ ਮਿਲੀ ਮ੍ਰਿਤਕ
NEXT STORY