ਜਲਾਲਾਬਾਦ(ਬੰਟੀ)—ਪੁਲਸ ਵਿਭਾਗ ਵੱਲੋਂ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਸਮੇਂ-ਸਮੇਂ 'ਤੇ ਸਕੂਲਾਂ, ਕਾਲਜਾਂ ਅਤੇ ਸਪੈਸ਼ਲ ਡਰਾਈਵਰਾਂ ਲਈ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਕੈਂਪ ਲਾਏ ਜਾਂਦੇ ਹਨ ਤਾਂ ਜੋ ਦਿਨੋਂ-ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ 'ਤੇ ਠੱਲ੍ਹ ਪਾਈ ਜਾ ਸਕੇ ਤੇ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ ਪਰ ਜਲਾਲਾਬਾਦ ਹਲਕੇ 'ਚ ਚੱਲ ਇਸ ਦੇ ਉਲਟ ਰਿਹਾ ਹੈ, ਜਿੱਥੇ ਨਾਬਾਲਿਗ ਬੱਚੇ ਸ਼ਰ੍ਹੇਆਮ 4-5 ਜਣੇ ਮੋਟਰਸਾਈਕਲਾਂ 'ਤੇ ਚੜ੍ਹ ਕੇ ਆਪਣੇ ਲਈ ਤੇ ਦੂਜਿਆਂ ਲਈ ਜਾਨ ਦਾ ਖਤਰਾ ਬਣ ਰਹੇ ਹਨ ਤੇ ਓਵਰਲੋਡ ਵਾਹਨਾਂ ਦੀ ਤਾਂ ਭਰਮਾਰ ਆਮ ਵੇਖਣ ਨੂੰ ਮਿਲ ਜਾਂਦੀ ਹੈ, ਜੋ ਮਨੁੱਖੀ ਜ਼ਿੰਦਗੀ ਲਈ ਜਿਉਂਦੇ ਦਾਨਵ ਸਿੱਧ ਹੋ ਰਹੇ ਹਨ ਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।
ਜੇ ਦੂਜੇ ਪਾਸੇ ਗੱਲ ਕਰੀਏ ਤਾਂ ਰੇਤਾ ਦੀਆਂ ਭਰੀਆਂ ਟਰਾਲੀਆਂ ਦੀ ਤਾਂ ਉਹ ਹਾਈਕੋਰਟ ਦੇ ਨਿਯਮਾਂ ਨੂੰ ਚਿੱਟੇ ਦਿਨ ਹੀ ਛਿੱਕੇ ਟੰਗ ਕੇ ਓਵਰਲੋਡ ਨਾਜਾਇਜ਼ ਮਾਈਨਿੰਗ ਦੀ ਰੇਤਾ ਲਿਜਾ ਰਹੀਆਂ ਹਨ। ਜਦ ਓਵਰਲੋਡ ਲੈ ਕੇ ਜਾ ਰਹੇ ਟਰੈਕਟਰ ਚਾਲਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਤਾਂ ਮਾਲਕਾਂ ਨੂੰ ਪਤਾ ਹੈ ਕਿ ਕਿੰਨੀ ਟਰਾਲੀ ਭਰ ਕੇ ਦੇਣੀ ਹੈ, ਅਸੀਂ ਤਾਂ ਜਿਵੇਂ ਉਹ ਭਰ ਦਿੰਦੇ ਹਨ, ਉਵੇਂ ਹੀ ਲੈ ਆਉਂਦੇ ਹਾਂ, ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਹ ਰੇਤਾ ਕਿੱਥੋਂ ਲੈ ਕੇ ਆ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਦੱਸਣ ਤੋਂ ਮਨ੍ਹਾਂ ਕੀਤਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰੇਤਾ ਮਮਦੋਟ ਦੇ ਕੋਲ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਖੱਡ ਤੋਂ ਆ ਰਹੀ ਹੈ ਤੇ ਇਸੇ ਕਰਕੇ ਟਰੈਕਟਰਾਂ ਉਪਰ ਨੰਬਰ ਵੀ ਨਹੀਂ ਲਿਖਿਆ ਹੁੰਦਾ।
ਜ਼ਿਕਰਯੋਗ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੇਤ ਦੀ ਨਿਕਾਸੀ 'ਤੇ ਲਾਈ ਪਾਬੰਦੀ ਦੇ ਬਾਵਜੂਦ ਰੇਤ ਦੇ ਭੂ-ਮਾਫੀਆ ਕਿਸ ਤਰ੍ਹਾਂ ਨਾਲ ਚੋਰੀ ਰੇਤ ਦੀ ਨਿਕਾਸੀ ਕਰ ਰਹੇ ਹਨ ਇਸਦੀ ਉਦਾਹਰਣ ਸ਼ਹਿਰ ਅੰਦਰ ਚੱਲ ਰਹੇ ਨਿਰਮਾਣ ਕਾਰਜਾਂ ਤੋਂ ਵੇਖਣ ਨੂੰ ਮਿਲਦੀ ਹੈ।
ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਨਿਰਮਾਣ ਕੰਮ ਇਹ ਵਿਖਾਉਂਦੇ ਹਨ ਕਿ ਅਦਾਲਤ ਵੱਲੋਂ ਲਾਈ ਗਈ ਪਾਬੰਦੀ ਦੇ ਬਾਵਜੂਦ ਪ੍ਰਸ਼ਾਸਨ ਦੀ ਨੱਕ ਤਲੇ ਰੇਤ ਦੀ ਨਿਕਾਸੀ ਦਾ ਕਾਲਾ ਕਾਰੋਬਾਰ ਕਿਸ ਤਰ੍ਹਾਂ ਧੜੱਲੇ ਨਾਲ ਜਾਰੀ ਹੈ ਤੇ ਵੱਧ ਫੁੱਲ ਰਿਹਾ ਹੈ।
ਸਮੇਂ ਦੀਆਂ ਸਰਕਾਰਾਂ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਕ-ਦੂਜੇ 'ਤੇ ਇਲਜ਼ਾਮ ਲਾਉਂਦੀਆਂ ਰਹੀਆਂ ਹਨ ਕਿ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰ 'ਚ ਨਾਜਾਇਜ਼ ਮਾਈਨਿੰਗ ਕਦੀ ਬੰਦ ਹੋਈ ਹੈ ਜਾਂ ਹੁਣ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਕੋਈ ਉਚਿਤ ਕਦਮ ਉਠਾਉਂਦਾ ਹੈ ਜਾਂ ਇਸ ਤਰ੍ਹਾਂ ਹੀ ਸਮੇਂ ਦੀਆਂ ਸਰਕਾਰਾਂ ਆਪਣੀਆਂ ਮਨਮਰਜ਼ੀਆਂ ਕਰਦੀਆਂ ਰਹਿਣਗੀਆਂ।
ਲੋਕਾਂ ਨੇ ਵਿਧਾਇਕਾ ਰੂਬੀ ਸਾਹਮਣੇ ਰੱਖੀ ਪੈਨਸ਼ਨ ਦੀ ਸਮੱਸਿਆ
NEXT STORY