ਅੰਮ੍ਰਿਤਸਰ, (ਕਮਲ)— ਦਿੱਲੀ-ਅੰਮ੍ਰਿਤਸਰ ਕਟੜਾ ਹਾਈਵੇ ਦੇ ਬਣਨ ਨਾਲ ਪੰਜਾਬ ਦੇ ਵਿਕਾਸ ਲਈ ਨਵਾਂ ਸੁਨਹਿਰੀ ਰਾਹ ਖੁੱਲ੍ਹੇਗਾ ਅਤੇ ਅੰਮ੍ਰਿਤਸਰ ਤੋਂ ਕਟੜਾ ਅਤੇ ਅੰਮ੍ਰਿਤਸਰ ਤੋਂ ਦਿੱਲੀ ਦੀ ਦੂਰੀ ਵੀ ਘੱਟ ਹੋ ਜਾਵੇਗੀ। 60,000 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਮ੍ਰਿਤਸਰ-ਮੋਗਾ, ਬਰਨਾਲਾ-ਜੀਂਦ ਦੇ ਰਸਤੇ ਦਿੱਲੀ ਤੱਕ ਨੈਸ਼ਨਲ ਐਕਸਪ੍ਰੈੱਸ ਹਾਈਵੇ ਦੀ ਟੈਂਡਰਿੰਗ ਅਾਖਰੀ ਦੌਰ ’ਚ ਹੈ। ਇਹ ਸ਼ਬਦ ਸੂਬਾ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਦਿੱਲੀ ਸਥਿਤ ਦਫਤਰ ਵਿਚ ਮੁਲਾਕਾਤ ਕਰਨ ਤੋਂ ਬਾਅਦ ਅੰਮ੍ਰਿਤਸਰ ਪਰਤ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਮਲਿਕ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਦੂਰੀ 130 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ 4 ਘੰਟਿਆਂ ਵਿਚ ਦਿੱਲੀ ਅਤੇ 3 ਘੰਟਿਆਂ ਵਿਚ ਜੰਮੂ ਪਹੁੰਚਿਆ ਜਾਵੇਗਾ।
ਇਹ ਪ੍ਰਾਜੈਕਟ ਹੁਣ ਆਖਰੀ ਟੈਂਡਰਿੰਗ ਸਟੇਜ ’ਤੇ ਪਹੁੰਚ ਚੁੱਕਾ ਹੈ ਅਤੇ ਇਸ ਲਈ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਮਲਿਕ ਨੇ ਇਸ ਵਿਸ਼ੇ ਨੂੰ ਸੰਸਦ ਵਿਚ ਵੀ ਉਠਾਇਆ ਸੀ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਅਗਲੀ ਨੈਸ਼ਨਲ ਕੌਂਸਲ ਦੀ ਬੈਠਕ ਵਿਚ ਇਸ ਪ੍ਰਾਜੈਕਟ ਨੂੰ ਏਜੰਡੇ ਵਿਚ ਰੱਖਿਆ ਗਿਆ, ਜਿਸ ਨਾਲ ਇਸ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਹੋਣਾ ਸ਼ੁਰੂ ਹੋ ਗਿਆ। ਮਲਿਕ ਨੇ ਦੱਸਿਆ ਕਿ ਇਸ ਹਾਈਵੇ ਦਾ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਦੇਸ਼ ਦੀ ਹਥਿਆਰਬੰਦ ਫੌਜ (ਨੈਸ਼ਨਲ ਆਰਮੀ ਫੋਰਸ) ਨੂੰ ਵੀ ਲਾਭ ਮਿਲੇਗਾ। ਇਹ ਹਾਈਵੇ ਨੂੰ ਇਕ ਪਾਸੇ ਜਿਥੇ ਦਿੱਲੀ ਨਾਲ ਜੋੜਿਆ ਜਾਵੇਗਾ, ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ, ਗੁਰਦਾਸਪੁਰ ਤੋਂ ਸੜਕ ਕੱਢੀ ਜਾਵੇਗੀ। ਇਸ ਨਾਲ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਯਾਤਰੀਆਂ ਨੂੰ ਵੀ ਲਾਭ ਮਿਲੇਗਾ।
ਪੰਜਾਬ ਸਰਕਾਰ ਦਾ ਦੀਵਾਲੀ 'ਗਿਫਟ', ਸਾਲ 'ਚ ਤੀਜੀ ਵਾਰ ਵਧਾਏ ਬੱਸ ਕਿਰਾਏ
NEXT STORY