ਨਵੀਂ ਦਿੱਲੀ/ਜਲੰਧਰ— ਪਠਾਨਕੋਟ ਤੋਂ ਚੰਡੀਗੜ੍ਹ ਜਾਣਾ ਜਲਦ ਹੀ ਸਸਤਾ ਹੋ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਪਠਾਨਕੋਟ ਤੋਂ ਚੰਡੀਗੜ੍ਹ ਲਈ ਸਿੱਧੀ ਟਰੇਨ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਤੇ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵੀਂ ਦਿੱਲੀ 'ਚ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕਰਕੇ ਪਠਾਨਕੋਟ ਤੋਂ ਸਿੱਧੇ ਚੰਡੀਗੜ੍ਹ ਲਈ ਰੋਜ਼ਾਨਾ ਟਰੇਨ ਚਲਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਜਾਖੜ ਨੇ ਪਠਾਨਕੋਟ ਸਿਟੀ ਸਟੇਸ਼ਨ 'ਤੇ ਟਰੇਨਾਂ ਦੇ ਗੇੜੇ ਵਧਾਉਣ ਦੀ ਵੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਵੀ ਸਨ।
ਸੁਨੀਲ ਜਾਖੜ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਪਠਾਨਕੋਟ ਪੰਜਾਬ ਦਾ ਮਹੱਤਵਪੂਰਨ ਜ਼ਿਲ੍ਹਾ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲੇ ਇਸ ਜ਼ਿਲ੍ਹੇ ਤੋਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਲਈ ਕੋਈ ਟਰੇਨ ਨਹੀਂ ਹੈ। ਲੋਕਾਂ ਨੂੰ ਪ੍ਰਾਈਵੇਟ ਬੱਸਾਂ 'ਚ ਕਈ ਗੁਣਾ ਵੱਧ ਕਿਰਾਇਆ ਖਰਚ ਕਰਨਾ ਪੈਂਦਾ ਹੈ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪਠਾਨਕੋਟ ਤੋਂ ਰੋਜ਼ਾਨਾ ਪੈਸੇਂਜਰ ਗੱਡੀ ਜਲੰਧਰ, ਲੁਧਿਆਣਾ ਹੁੰਦੇ ਹੋਏ ਚੰਡੀਗੜ੍ਹ ਤਕ ਚਲਾਈ ਜਾਵੇ, ਜੋ ਸਵੇਰੇ ਪਠਾਨਕੋਟ ਤੋਂ ਚੰਡੀਗੜ੍ਹ ਪਹੁੰਚੇ ਅਤੇ ਸ਼ਾਮ ਨੂੰ ਵਾਪਸ ਪਠਾਨਕੋਟ ਲਈ ਰਵਾਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਗੱਡੀ ਨਾਲ ਪਠਾਨਕੋਟ ਹੀ ਨਹੀਂ ਸਗੋਂ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਰੇਲ ਮੰਤਰੀ ਸਹਿਮਤ, ਜਲਦ ਲੋਕਾਂ ਨੂੰ ਮਿਲੇਗਾ ਫਾਇਦਾ
ਪੀਯੂਸ਼ ਗੋਇਲ ਨੇ ਸਾਰੀਆਂ ਮੰਗਾਂ ਮੰਨਣ 'ਤੇ ਸਹਿਮਤੀ ਜਤਾਈ ਹੈ। ਸੁਨੀਲ ਜਾਖੜ ਵੱਲੋਂ ਪਠਾਨਕੋਟ ਸਿਟੀ ਸਟੇਸ਼ਨ ਨੂੰ ਲੈ ਕੇ ਰੱਖੀ ਗਈ ਮੰਗ ਵੀ ਜਲਦ ਪੂਰੀ ਹੋਣ ਦੇ ਆਸਾਰ ਹਨ। ਜਾਖੜ ਨੇ ਰੇਲ ਮੰਤਰੀ ਨੂੰ ਦੱਸਿਆ ਹੈ ਕਿ ਜੰਮੂ ਜਾਣ ਵਾਲੀਆਂ ਜ਼ਿਆਦਾਤਰ ਟਰੇਨਾਂ ਪਠਾਨਕੋਟ ਸਿਟੀ ਸਟੇਸ਼ਨ ਨਹੀਂ ਰੁਕਦੀਆਂ, ਨਾਮਾਤਰ ਟਰੇਨਾਂ ਹੀ ਸਿਟੀ ਸਟੇਸ਼ਨ ਜਾਂਦੀਆਂ ਹਨ, ਬਾਕੀ ਟਰੇਨਾਂ ਪਠਾਨਕੋਟ ਛਾਉਣੀ ਸਟੇਸ਼ਨ ਤੋਂ ਹੀ ਜੰਮੂ ਵੱਲ ਚਲੀਆਂ ਜਾਂਦੀਆਂ ਹਨ। ਇਸ ਦੇ ਮੱਦੇਨਜ਼ਰ ਟੂਰਿਸਟ ਅਤੇ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ ਹਿਮਾਚਲ ਜਾਣ ਲਈ ਫਿਰ ਤੋਂ ਸਿਟੀ ਸਟੇਸ਼ਨ ਆਉਣਾ ਪੈਂਦਾ ਹੈ। ਉੱਥੇ ਹੀ ਇਸ ਦੌਰਾਨ ਇਤਿਹਾਸਕ ਨਗਰ ਬਟਾਲਾ ਨਾਲ ਸੰਬੰਧਤ ਮੁੱਦੇ ਵੀ ਰੇਲ ਮੰਤਰੀ ਸਾਹਮਣੇ ਰੱਖੇ ਗਏ। ਜਾਖੜ ਨੇ ਬਟਾਲਾ ਰੇਲਵੇ ਸਟੇਸ਼ਨ 'ਤੇ ਪਲੇਟਫਾਰਮਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।
ਲੋਕ ਸਭਾ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਨਹੀਂ : ਭਗਵੰਤ ਮਾਨ (ਵੀਡੀਓ)
NEXT STORY