ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੀ ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ ਹੁਣ ਸਾਵਧਾਨ ਹੋ ਜਾਣ। ਐਮਰਜੈਂਸੀ ਵਿਚ ਫਟੇ-ਪੁਰਾਣੇ ਤੇ ਟੁੱਟੇ ਬੈੱਡਾਂ 'ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਉਕਤ ਸਮੱਸਿਆ ਤੋਂ ਜਾਣੂ ਹੁੰਦਿਆਂ ਵੀ ਫੰਡਾਂ ਦੀ ਘਾਟ ਕਾਰਨ ਸਮੱਸਿਆ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਮਰੀਜ਼ਾਂ ਦੀ ਸੁਵਿਧਾ ਲਈ ਇਹ ਹਸਪਤਾਲ ਬਣਾਇਆ ਗਿਆ ਹੈ। ਹਸਪਤਾਲ ਦੀ ਐਮਰਜੈਂਸੀ ਵਿਚ ਰੋਜ਼ਾਨਾ ਇਕ ਦਰਜਨ ਤੋਂ ਵੱਧ ਮਰੀਜ਼ ਦਾਖਲ ਹੁੰਦੇ ਹਨ।
ਜਗ ਬਾਣੀ ਦੀ ਟੀਮ ਨੇ ਜਦੋਂ ਹਸਪਤਾਲ ਦੀ ਐਮਰਜੈਂਸੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਐਮਰਜੈਂਸੀ ਵਿਚ ਪਏ ਜ਼ਿਆਦਾਤਰ ਬੈੱਡਾਂ ਦੇ ਗੱਦੇ ਫਟੇ ਅਤੇ ਪੁਰਾਣੇ ਸਨ। ਕਈ ਗੱਦਿਆਂ 'ਚੋਂ ਤਾਂ ਤਾਰਾਂ ਨਿਕਲੀਆਂ ਹੋਈਆਂ ਸਨ। ਐਮਰਜੈਂਸੀ ਵਿਚ ਗੰਭੀਰ ਰੂਪ 'ਚ ਜ਼ਖਮੀ ਮਰੀਜ਼ਾਂ ਨੂੰ ਮੱਲ੍ਹਮ-ਪੱਟੀ ਕਰਨ ਵਾਲੇ ਮੇਜ਼ ਵਿਚ ਵੱਡੀ ਮੋਰੀ ਹੋਈ ਸੀ ਅਤੇ ਮੇਜ਼ ਪੂਰੀ ਤਰ੍ਹਾਂ ਜੰਗਾਲਿਆ ਹੋਇਆ ਸੀ। ਮੇਜ਼ 'ਤੇ ਫੱਟਾ ਰੱਖ ਕੇ ਕੰਮ ਸਾਰਿਆ ਜਾ ਰਿਹਾ ਸੀ। ਬੈੱਡਾਂ 'ਤੇ ਚਾਦਰਾਂ ਤਾਂ ਸਫੈਦ ਸਨ ਪਰ ਅੰਦਰੋਂ ਤਕਰੀਬਨ ਸਾਰੇ ਬੈੱਡ ਖਰਾਬ ਸਨ। ਇਕ ਮਰੀਜ਼ ਨਾਲ ਆਏ ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਪਿਛਲੀ ਰਾਤ ਤਾਂ ਗੱਦਿਆਂ ਦੀ ਹਾਲਤ ਬੇਹੱਦ ਖਰਾਬ ਹੋਣ ਕਾਰਨ ਇਕ ਮਰੀਜ਼ ਨੂੰ ਕਾਕਰੋਚ ਵੀ ਲੜ ਗਿਆ। ਗੱਦਿਆਂ 'ਚ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਮੱਸਿਆ ਦੇ ਹੱਲ ਲਈ ਗੰਭੀਰ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮਰੀਜ਼ਾਂ ਨੂੰ ਢੁੱਕਵੀਆਂ ਸਹੂਲਤਾਂ ਨਹੀਂ ਮਿਲਦੀਆਂ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਉਕਤ ਹਸਪਤਾਲ ਦੀਆਂ ਤਾਰੀਫਾਂ ਦੇ ਝੂਠੇ ਪੁਲ ਬਣਾਈ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਹਸਪਤਾਲ ਦੇ ਸੁਧਾਰ ਲਈ ਬੀਤੇ ਸਮੇਂ 'ਚ ਨਿਰੀਖਣ ਕਰਦੇ ਸਨ ਪਰ ਹਸਪਤਾਲ ਦੇ ਕੁਝ ਡਾਕਟਰਾਂ ਦੇ ਕਾਲੇ ਕਾਰਨਾਮੇ ਜਗ-ਜ਼ਾਹਿਰ ਹੋ ਜਾਣੇ ਸਨ, ਇਸ ਲਈ ਉਨ੍ਹਾਂ ਨੇ ਔਜਲਾ ਦੇ ਨਿਰੀਖਣ 'ਤੇ ਵਿਰੋਧ ਜ਼ਾਹਿਰ ਕਰ ਦਿੱਤਾ, ਜਿਸ ਕਰ ਕੇ ਅੱਜ ਮਰੀਜ਼ ਦੁਬਾਰਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਕੀ ਕਹਿੰਦੇ ਹਨ ਮੈਡੀਕਲ ਸੁਪਰਡੈਂਟ : ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਰਿੰਦਰਪਾਲ ਸਿੰਘ ਨਾਲ ਇਸ ਸਬੰਧੀ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਸਮੱਸਿਆ ਆ ਰਹੀ ਹੈ, ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ।
ਸ਼ੇਰੋਵਾਲੀਆ ਖਿਲਾਫ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ
NEXT STORY