ਲੁਧਿਆਣਾ (ਬਹਿਲ) - ਪੰਜਾਬ ਦੇ ਵਾਤਾਵਰਣ ਵਿਚ ਤੇਜ਼ੀ ਨਾਲ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ 'ਤੇ ਕਾਬੂ ਪਾਉਣ ਦੀ ਕਵਾਇਦ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡਾਇੰਗ ਇੰਡਸਟਰੀ ਵਿਚ ਬਾਲਣ ਵਜੋਂ ਵਰਤੀ ਜਾਣ ਵਾਲੀ ਚੌਲਾਂ ਦੀ ਫੱਕ (ਰਾਈਸ ਹਸਕ) ਦੀ 'ਫਲਾਈ ਐਸ਼' ਦੀ ਵਰਤੋਂ ਪੰਜਾਬ ਦੇ ਇੱਟ ਭੱਠਿਆਂ ਵਿਚ ਕਰਨ ਬਾਰੇ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।
ਹਾਲ ਹੀ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਡੇਰਾ ਬੱਸੀ ਵਿਚ 25 ਇੱਟ ਭੱਠਿਆਂ 'ਤੇ ਇੱਟਾਂ ਦੇ ਨਿਰਮਾਣ ਵਿਚ 40 ਫੀਸਦੀ ਤੱਕ 'ਫਲਾਈ ਐਸ਼' ਦੀ ਵਰਤੋਂ ਕਰਨ ਦੇ ਟਰਾਇਲ ਦੇ ਸਫਲ ਨਤੀਜੇ ਦੇ ਆਧਾਰ 'ਤੇ ਲੁਧਿਆਣਾ, ਪਟਿਆਲਾ, ਜਲੰਧਰ, ਹੁਸ਼ਿਆਰਪੁਰ, ਬਠਿੰਡਾ, ਮੰਡੀ ਗੋਬਿੰਦਗੜ੍ਹ, ਬਟਾਲਾ, ਅੰਮ੍ਰਿਤਸਰ, ਸੰਗਰੂਰ, ਫਰੀਦਕੋਟ ਅਤੇ ਮੋਹਾਲੀ ਵਿਚ ਸਥਿਤ ਇੱਟ-ਭੱਠਿਆਂ ਵਿਚ ਵੀ ਇਹ ਤਜਰਬਾ ਕਰਨ ਬਾਰੇ ਵਾਤਾਵਰਣ ਇੰਜੀਨੀਅਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਲੁਧਿਆਣਾ ਵਿਚ 300 ਭੱਠੇ, 5 'ਚ ਫਲਾਈ ਐਸ਼ ਭੇਜੀ
ਪ੍ਰਦੂਸ਼ਣ ਰੋਕਥਾਮ ਵਿਭਾਗ ਲੁਧਿਆਣਾ ਦੇ ਐਕਸੀਅਨ ਆਰ. ਕੇ. ਰਤੜਾ ਨੇ ਕਿਹਾ ਕਿ ਮਹਾਨਗਰ ਵਿਚ 300 ਭੱਠੇ ਹਨ। ਇਨ੍ਹਾਂ ਵਿਚੋਂ ਟਰਾਇਲ ਲਈ 5 ਭੱਠਿਆਂ ਵਿਚ ਡਾਇੰਗ ਅਤੇ ਬਾਇਲਰਾਂ ਦੀ ਫਲਾਈ ਐਸ਼ ਦੀਆਂ ਟਰਾਲੀਆਂ ਭੇਜੀਆਂ ਗਈਆਂ ਹਨ।
ਲੁਧਿਆਣਾ ਵਿਚ 300 ਡਾਇੰਗ ਯੂਨਿਟ ਅਤੇ 400 ਫਰਨੈੱਸ ਬਾਇਲਰ ਹਨ। ਇਨ੍ਹਾਂ ਵਿਚੋਂ 200 ਬਾਇਲਰਾਂ ਵਿਚ ਰਾਈਸ ਹਸਕ ਬਾਲਣ ਵਜੋਂ ਵਰਤੋਂ ਹੁੰਦੀ ਹੈ।
ਮੈਨੂਅਲ ਟਰਾਇਲ ਸ਼ੁਰੂ ਹੋਏ ਹਨ ਅਤੇ ਇਸ ਦੇ ਸਫਲ ਨਤੀਜੇ ਹੋਣ 'ਤੇ ਵੱਡੇ ਪੱਧਰ 'ਤੇ ਮਿਕਸਰ ਅਤੇ ਜੇ. ਸੀ. ਬੀ. ਮਸ਼ੀਨਾਂ ਰਾਹੀਂ ਤਜਰਬਾ ਕੀਤਾ ਆਵੇਗਾ। ਐਕਸੀਅਨ ਰਤੜਾ ਨੇ ਕਿਹਾ ਕਿ ਬੈਸਟ ਟੂ ਵੈਲਥ ਲੜੀ ਦੇ ਤਹਿਤ ਫਲਾਈ ਐਸ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਪ੍ਰੋਗਰਾਮ ਨਾਲ ਜਿਥੇ ਇੱਟਾਂ ਦੀ ਵੇਸਟ 10 ਫੀਸਦੀ ਤੋਂ ਘੱਟ ਕੇ ਸਿਰਫ 2 ਫੀਸਦੀ ਹੋ ਜਾਵੇਗੀ, ਉਥੇ ਦੇਸ਼ ਦੀਆਂ 100 ਸਮਾਰਟ ਸਿਟੀਜ਼ ਵਿਚ ਮਹਾਨਗਰ ਲੁਧਿਆਣਾ ਦੀ ਸੁੰਦਰਤਾ ਨੂੰ ਸਵਾਹ ਦੇ ਖਤਰੇ ਤੋਂ ਬਚਾਇਆ ਜਾ ਸਕੇਗਾ ਅਤੇ ਨਾਜਾਇਜ਼ ਮਾਈਨਿੰਗ ਦੀ ਸਮੱਸਿਆ ਤੋਂ ਵੀ ਨਿਜਾਤ ਮਿਲ ਜਾਵੇਗੀ।
ਇਥੇ ਵਰਨਣਯੋਗ ਹੈ ਕਿ ਨਗਰ ਨਿਗਮ ਅਤੇ ਲੋਕਲ ਬਾਡੀਜ਼ ਵੱਲੋਂ ਸ਼ਹਿਰ ਵਿਚ ਚੌਲਾਂ ਦੀ ਫੱਕ ਦੀ ਸਵਾਹ ਨੂੰ ਡੰਪ ਕਰਨ ਲਈ ਕੋਈ ਵੀ ਜਗ੍ਹਾ ਨਾ ਰੱਖਣ ਦੀ ਵਜ੍ਹਾ ਨਾਲ ਡਾਇੰਗਾਂ ਅਤੇ ਬਾਇਲਰਾਂ ਦੀ ਰਾਖ ਗ੍ਰੀਨ ਬੈਲਟਾਂ ਵਿਚ ਸੁੱਟਣ ਨਾਲ ਇਹ ਹਵਾ ਵਿਚ ਉੱਡ ਕੇ ਜਿਥੇ ਸ਼ਹਿਰ ਨੂੰ ਕਾਲਾ ਕਰਦੀ ਹੈ, ਉਥੇ ਲੋਕਾਂ ਦੀਆਂ ਅੱਖਾਂ ਵਿਚ ਪੈਣ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੀ ਵਜ੍ਹਾ ਨਾਲ ਕਈ ਵਾਰ ਵੱਡੀਆਂ ਸੜਕ ਦੁਰਘਟਨਾਵਾਂ ਕਾਰਨ ਲੋਕਾਂ ਦਾ ਜੀਵਨ ਖਤਰੇ ਵਿਚ ਪੈ ਚੁੱਕਾ ਹੈ।
ਉਤਪਾਦਨ ਲਾਗਤ ਘਟੇਗੀ ਤੇ ਪ੍ਰਦੂਸ਼ਣ ਦੇ ਪੱਧਰ ਵਿਚ ਆਵੇਗੀ ਕਮੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਜਾਬ ਵਿਚ 3000 ਇੱਟ ਭੱਠਿਆਂ ਵਿਚ ਸਾਲਾਨਾ ਕਰੋੜਾਂ ਇੱਟਾਂ ਬਣਦੀਆਂ ਹਨ। ਪੰਜਾਬ ਵਿਚ ਡਾਇੰਗ ਇੰਡਸਟਰੀ, ਬਾਇਲਰ ਫਰਨੈੱਸ ਵਿਚ ਇਸਤੇਮਾਲ ਹੋਣ ਵਾਲੀ ਰਾਈਸ ਹਸਕ ਦੀ ਉੱਡਦੀ ਸਵਾਹ ਦੇ ਡਿਸਪੋਜ਼ਲ ਦੀ ਇਕ ਵੱਡੀ ਸਮੱਸਿਆ ਹੈ ਅਤੇ ਦੂਜੇ ਪਾਸੇ ਭੱਠਿਆਂ ਵਿਚ ਇੱਟਾਂ ਦੇ ਨਿਰਮਾਣ ਲਈ ਉਪਜਾਊ ਮਿੱਟੀ ਦੀ ਵਰਤੋਂ ਹੋ ਰਹੀ ਹੈ। ਹਾਲ ਹੀ ਵਿਚ ਡੇਰਾ ਬੱਸੀ ਵਿਚ ਭੱਠਿਆਂ ਵਿਚ 'ਫਲਾਈ ਐਸ਼' ਦੀ ਵਰਤੋਂ ਦੇ ਤਜਰਬੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਥੇ ਫਲਾਈ ਐਸ਼ ਵਿਚ ਕਾਰਬਨ ਦੀ ਮਾਤਰਾ ਹੋਣ ਨਾਲ ਇੱਟਾਂ ਦੀ ਪਕਾਈ ਵਿਚ 30 ਫੀਸਦੀ ਤੱਕ ਬਾਲਣ ਦੀ ਬੱਚਤ ਹੋਈ ਹੈ, ਨਾਲ ਹੀ ਇੱਟਾਂ ਵਿਚ ਨਮੀ ਸੋਖਣ ਦੀ ਸਮਰੱਥਾ ਹੋਣ ਨਾਲ ਮਜ਼ਬੂਤੀ ਨਾਲ ਕੁਆਲਟੀ ਵਿਚ ਵੀ ਸੁਧਾਰ ਹੋਇਆ ਹੈ। ਭੱਠਿਆਂ ਵਿਚ ਕੋਇਲੇ ਦੀ ਵਰਤੋਂ ਘਟਣ ਨਾਲ ਜਿਥੇ ਪ੍ਰਦੂਸ਼ਣ ਦੇ ਪੱਧਰ ਵਿਚ ਭਾਰੀ ਕਮੀ ਆਵੇਗੀ, ਉਥੇ ਉਤਪਾਦਨ ਲਾਗਤ ਵੀ ਘਟੇਗੀ। ਚੇਅਰਮੈਨ ਪੰਨੂ ਨੇ ਕਿਹਾ ਕਿ ਭੱਠਿਆਂ ਵਿਚ ਫਲਾਈ ਐਸ਼ ਦੀ ਵਰਤੋਂ ਦੀ ਐਡਵਾਂਸ ਰਿਸਰਚ ਹਿੱਤ ਕੇਂਦਰੀ ਬਿਲਡਿੰਗ ਇੰਸਟੀਚਿਊਟ, ਰੁੜਕੀ ਨੂੰ ਲਿਖਤੀ ਰੂਪ ਵਿਚ ਕਨਵੈਨਸ਼ਨ ਤਕਨੀਕ 'ਤੇ ਸੋਧ ਕਰਨ ਲਈ ਕਿਹਾ ਹੈ ਤਾਂ ਕਿ ਕੋਇਲੇ ਦੇ ਬਾਲਣ ਵਜੋਂ ਵਰਤੋਂ ਵਿਚ ਕਮੀ ਆਵੇ ਅਤੇ ਇਸ ਨਾਲ ਹਵਾ ਪ੍ਰਣੂਸ਼ਣ ਵੀ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਬੋਰਡ ਰਾਈਸ ਹਸਕ ਸਵਾਹ ਨੂੰ ਇੰਟਰਲਾਕਿੰਗ ਟਾਇਲਾਂ ਦੀ ਉਸਾਰੀ ਹਿੱਤ ਵੀ ਤਜਰਬਾ ਕਰਨ ਜਾ ਰਿਹਾ ਹੈ। ਤਜਰਬਾ ਸਫਲ ਹੋਣ ਤੋਂ 6 ਮਹੀਨਿਆਂ ਬਾਅਦ ਇਸ ਨੂੰ ਜ਼ਰੂਰੀ ਹੁਕਮ ਵਜੋਂ ਜਾਰੀ ਕੀਤਾ ਜਾ ਸਕਦਾ ਹੈ।
ਖਡੂਰ ਸਾਹਿਬ ਤੋਂ ਨਾਗੋਕੇ ਮੋੜ ਨੂੰ ਜਾਂਦੀ ਸੜਕ ਖਸਤਾਹਾਲ
NEXT STORY