ਮੁਕੇਰੀਆਂ (ਜੱਜ)— 'ਦਿ ਮੁਕੇਰੀਆਂ ਟਰੱਕ ਆਪ੍ਰੇਟਰਜ਼ ਯੂਨੀਅਨ' ਦੀ ਮੀਟਿੰਗ ਸੋਮਵਾਰ ਨੂੰ ਪ੍ਰਧਾਨ ਗੁਲਜ਼ਾਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ 'ਚ ਸਮੂਹ ਟਰੱਕ ਆਪ੍ਰੇਟਰਾਂ ਤੇ ਡਰਾਈਵਰਾਂ ਨੇ ਹਿੱਸਾ ਲਿਆ। ਇਸ ਮੌਕੇ ਗੁਲਜ਼ਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸੀਜ਼ਨ 'ਚ ਮਾਲ ਦੀ ਢੋਆ-ਢੁਆਈ ਦਾ ਕੰਮ ਟਰਾਂਸਪੋਰਟਰਾਂ ਵੱਲੋਂ ਕੀਤਾ ਜਾਂਦਾ ਹੈ, ਪਰ ਟਰੈਕਟਰ-ਟਰਾਲੀਆਂ ਵਾਲੇ ਟਰੱਕ ਆਪ੍ਰੇਟਰਾਂ ਦਾ ਹੱਕ ਖੋਹ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਟਰੱਕ ਆਪ੍ਰੇਟਰ ਸਰਕਾਰ ਨੂੰ ਹਰੇਕ ਟਰੱਕ ਦਾ ਕਰੀਬ 1 ਲੱਖ ਰੁਪਏ ਸਾਲਾਨਾ ਟੈਕਸ ਭਰਦੇ ਹਨ ਅਤੇ ਸਾਰੇ ਦਸਤਾਵੇਜ਼ ਪੂਰੇ ਰੱਖਦੇ ਹਨ ਪਰ ਟਰੈਕਟਰ-ਟਰਾਲੀਆਂ ਜੋ ਕਿ ਖੇਤੀਬਾੜੀ ਨਾਲ ਸਬੰਧਤ ਹਨ, ਉਹ ਰੇਤਾ-ਬੱਜਰੀ, ਲੱਕੜੀ, ਝੋਨਾ, ਕਣਕ ਲੋਡ ਕਰ ਕੇ ਲੈ ਜਾਂਦੇ ਹਨ, ਜੋ ਕਿ ਸੜਕਾਂ 'ਤੇ ਆਮ ਵੇਖੇ ਜਾਂਦੇ ਹਨ। ਉਨ੍ਹਾਂ ਕੋਲ ਕੋਈ ਵੀ ਕਾਗਜ਼ ਪੱਤਰ ਨਾ ਹੋਣ ਕਰ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾ ਰਹੇ ਹਨ ਅਤੇ ਸਰਕਾਰ ਸਭ ਕੁਝ ਜਾਣਦਿਆਂ ਹੋਇਆਂ ਵੀ ਇਨ੍ਹਾਂ 'ਤੇ ਕਾਰਵਾਈ ਨਹੀਂ ਕਰਦੀ।
ਇਸ ਸਬੰਧ 'ਚ ਪ੍ਰਧਾਨ ਗੁਲਜ਼ਾਰ ਸਿੰਘ ਦੀ ਰਹਿਨੁਮਾਈ ਹੇਠ ਟਰੱਕ ਆਪ੍ਰੇਟਰਾਂ ਨੇ ਸਥਾਨਕ ਐੱਸ. ਡੀ. ਐੱਮ. ਨੂੰ ਮਿਲ ਕੇ ਇਸ ਸਮੱਸਿਆ ਤੋਂ ਜਾਣੂ ਕਰਵਾਇਆ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਟਰੱਕ ਆਪ੍ਰੇਟਰ ਸੜਕਾਂ 'ਤੇ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੁਖਬੀਰ ਸਿੰਘ, ਦਲਜੀਤ ਸਿੰਘ, ਮਹਿੰਦਰ ਲਾਲ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ, ਦਲੀਪ ਸਿੰਘ, ਕ੍ਰਿਪਾਲ ਸਿੰਘ, ਕਾਕਾ ਪਟਿਆਲਾ, ਸਤਵੀਰ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ, ਲਾਡੀ, ਜਗਦੇਵ, ਹੈਪੀ ਆਦਿ ਹਾਜ਼ਰ ਸਨ।
ਘੁਮਿਆਰਾ ਪਿੰਡ ਦਾ ਕਿਸਾਨ ਮਲਕੀਤ ਸਿੰਘ ਬਣਿਆ ਵਾਤਾਵਰਨ ਦਾ ਰਾਖਾ, ਹੋਰਨਾਂ ਲਈ ਵੀ ਕਾਇਮ ਕੀਤੀ ਮਿਸਾਲ
NEXT STORY