ਪਿਆਰੇ ਸੂਬਾ ਵਾਸੀਓ,
ਅੱਜ ਦੇਸ਼ ਆਪਣੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਖੁਸ਼ੀ ਤੇ ਮਾਣ ਨਾਲ ਮਨਾ ਰਿਹਾ ਹੈ। ਇਸ ਸ਼ੁੱਭ ਮੌਕੇ ਮੈਂ ਪੰਜਾਬ ਅਤੇ ਚੰਡੀਗੜ੍ਹ ਸਮੇਤ ਸਮੁੱਚੇ ਦੇਸ਼ ਵਾਸੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ।
15 ਅਗਸਤ, 1947 ਦੀ ਸੁਨਹਿਰੀ ਸਵੇਰ ਸਿਰਫ਼ ਸਿਆਸੀ ਮੁਕਤੀ ਨਹੀਂ ਸੀ ਸਗੋਂ ਇਹ ਸਾਡੀ ਆਪਣੀ ਕਿਸਮਤ ਨੂੰ ਢਾਲਣ ਲਈ ਇਕ ਸਮੂਹਿਕ ਵਚਨਬੱਧਤਾ ਦੀ ਸ਼ੁਰੂਆਤ ਵੀ ਸੀ। ਇਸ ਭਾਵਨਾ ਨਾਲ ਅੱਜ ਅਸੀਂ ਰਾਸ਼ਟਰਪਿਤਾ ਮਹਾਤਮਾ ਗਾਂਧੀ, ਡਾ. ਭੀਮ ਰਾਓ ਅੰਬੇਡਕਰ, ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭਭਾਈ ਪਟੇਲ, ਬਾਲ ਗੰਗਾਧਰ ਤਿਲਕ ਤੇ ਉਨ੍ਹਾਂ ਅਣਗਿਣਤ ਜਾਣੇ-ਅਣਜਾਣੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀ ਨੇ ਭਾਰਤ ਨੂੰ ਆਜ਼ਾਦ ਕਰਵਾਇਆ।
ਆਜ਼ਾਦੀ ਦੇ ਸੰਘਰਸ਼ ’ਚ ਪੰਜਾਬ ਨੇ ਅਹਿਮ ਯੋਗਦਾਨ ਪਾਇਆ ਹੈ। ਇਹ ਸ਼ਹੀਦ-ਏ-ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਦੀ ਸੁਭਾਗੀ ਧਰਤੀ ਹੈ।
ਹਾਲਾਂਕਿ, ਗੁਆਂਢੀ ਦੁਸ਼ਮਣ ਦੇਸ਼ ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ ਤੇ ਅੱਤਵਾਦ ਰਾਹੀਂ ਸਾਡੀ ਸ਼ਾਂਤੀ ਅਤੇ ਅਖੰਡਤਾ ਨੂੰ ਚੁਣੌਤੀ ਦੇ ਰਹੇ ਹਨ। ਭਾਰਤ ਨੇ ਇਨ੍ਹਾਂ ਚੁਣੌਤੀਆਂ ਦਾ ਕਰਾਰਾ ਜਵਾਬ ਦਿੱਤਾ ਹੈ।
ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿ ਮੈਨੂੰ ਬਹਾਦਰੀ ਦੀਆਂ ਕਹਾਣੀਆਂ ਨਾਲ ਭਰੇ ਪੰਜਾਬ ਸੂਬੇ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਗੁਰੂਆਂ ਅਤੇ ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਮਹਾਨ ਸੰਤਾਂ, ਚਿੰਤਕਾਂ ਅਤੇ ਯੋਧਿਆਂ ਦੀ ਬਖਸ਼ਿਸ਼ ਪ੍ਰਾਪਤ ਹੈ।
ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਆਜ਼ਾਦੀ ਸੰਘਰਸ਼ ਤੋਂ ਲੈ ਕੇ 1965, 1971 ਤੇ 1999 ਦੇ ਕਾਰਗਿਲ ਯੁੱਧ ਤੱਕ ਰਾਸ਼ਟਰੀ ਸੁਰੱਖਿਆ ’ਚ ਮੋਹਰੀ ਭੂਮਿਕਾ ਨਿਭਾਈ ਤੇ ਖੁਰਾਕ ਸੁਰੱਖਿਆ ਦੀ ਚੁਣੌਤੀ ਦਾ ਸਾਹਮਣਾ ਕਰਦਿਆਂ ਹਰੀ ਕ੍ਰਾਂਤੀ ਰਾਹੀਂ ਭਾਰਤ ਨੂੰ ਅਨਾਜ ’ਚ ਸਵੈ-ਨਿਰਭਰ ਬਣਾਇਆ।
ਮੌਜੂਦਾ ਸਮੇਂ ਪੰਜਾਬ ਲੋਕ ਭਲਾਈ, ਪਾਰਦਰਸ਼ਤਾ ਅਤੇ ਸਮਾਵੇਸ਼ੀ ਵਿਕਾਸ ਦੀ ਇਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਸੂਬੇ ’ਚ 881 ਕਾਰਜਸ਼ੀਲ ਅਤੇ 200 ਨਵੇਂ ਆਮ ਆਦਮੀ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ, 104 ਉੱਚ-ਤਕਨੀਕੀ ਐਂਬੂਲੈਂਸਾਂ ਅਤੇ ‘ਮੁੱਖ ਮੰਤਰੀ ਯੋਗਸ਼ਾਲਾ’ ਵਰਗੀਆਂ ਪਹਿਲਕਦਮੀਆਂ ਜਨਤਕ ਸਿਹਤ ਨੂੰ ਮਜ਼ਬੂਤ ਕਰ ਰਹੀਆਂ ਹਨ।
ਸਿੱਖਿਆ ਦੇ ਖੇਤਰ ’ਚ 118 ਸਕੂਲ ਆਫ਼ ਐਮੀਨੈਂਸ, ਵਿਦਿਆਰਥਣਾਂ ਲਈ 230 ਬੱਸਾਂ, ਅਧਿਆਪਕ ਸਿਖਲਾਈ ਅਤੇ ਰਾਸ਼ਟਰੀ ਮੁਲਾਂਕਣ ਸਰਵੇਖਣ 2024 ’ਚ ਮੋਹਰੀ ਪ੍ਰਦਰਸ਼ਨ ਨੇ ਗੁਣਵੱਤਾ ਦੀਆਂ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ।
ਬਿਜਲੀ ਅਤੇ ਸਿੰਚਾਈ ਖੇਤਰ ’ਚ 90 ਫ਼ੀਸਦੀ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ, 77 ਨਹਿਰਾਂ ਦਾ ਸੁਰਜੀਤੀਕਰਨ ਅਤੇ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਦੀ ਉਸਾਰੀ ਕਿਸਾਨਾਂ ਅਤੇ ਆਮ ਲੋਕਾਂ ਨੂੰ ਰਾਹਤ ਦੇ ਰਹੀ ਹੈ।
ਸੂਬੇ ’ਚ 1.10 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਦਾ ਵੱਡਾ ਅਾਧਾਰ ਬਣੇਗਾ। ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ 6 ਸਰਹੱਦੀ ਜ਼ਿਲਿਆਂ ’ਚ 1500 ਤੋਂ ਵੱਧ ਪਿੰਡ-ਪੱਧਰੀ ਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਜਿਸ ਨੂੰ ‘ਮਿੰਨੀ ਇੰਡੀਆ’ ਦਾ ਸੁੰਦਰ ਪ੍ਰਤੀਕ ਕਿਹਾ ਜਾਂਦਾ ਹੈ, ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਰਾਸ਼ਟਰ ਨਿਰਮਾਣ ਵਿਚ ਵੀ ਯੋਗਦਾਨ ਪਾ ਰਿਹਾ ਹੈ। ਆਓ, ਇਸ ਅਾਜ਼ਾਦੀ ਦਿਵਸ ’ਤੇ ਅਸੀਂ ਅਹਿਦ ਲਈਏ ਕਿ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਕਰਦੇ ਹੋਏ ਨਵੀਂ ਊਰਜਾ ਅਤੇ ਦ੍ਰਿੜ੍ਹ ਇਰਾਦੇ ਨਾਲ ‘ਵਿਕਸਿਤ ਭਾਰਤ 2047’ ਵੱਲ ਵਧੀਏ।
ਇਕ ਵਾਰ ਫਿਰ ਅਾਜ਼ਾਦੀ ਦਿਵਸ ਦੇ ਇਸ ਸ਼ੁੱਭ ਮੌਕੇ ਮੈਂ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕਰਦਾ ਹਾਂ।
ਜੈ ਹਿੰਦ!
ਗੁਲਾਬ ਚੰਦ ਕਟਾਰੀਆ
ਰਾਜਪਾਲ ਪੰਜਾਬ ਤੇ ਪ੍ਰਸ਼ਾਸਕ ਯੂ. ਟੀ. ਚੰਡੀਗੜ੍ਹ
ਦੇਸ਼ ਲਈ ਰੋਲ ਮਾਡਲ ਬਣਿਆ ਪੰਜਾਬ
NEXT STORY