ਜਲੰਧਰ, (ਚੋਪੜਾ)- ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆਉਣ, ਦੇਸ਼ ਦੇ 343 ਟੋਲ ਬੈਰੀਅਰਾਂ ਨੂੰ ਬੰਦ ਕਰਨ, ਇਨਕਮ ਟੈਕਸ ਸਲੈਬ ਵਿਚ ਕੀਤੀ ਤਬਦੀਲੀ ਅਤੇ ਹੋਰ ਮੰਗਾਂ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਦੀ ਦੇਸ਼-ਵਿਆਪੀ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਟਰੱਕ ਆਪ੍ਰੇਟਰਜ਼ ਯੂਨੀਅਨ ਨੇ ਅੱਜ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ।
ਹੈਪੀ ਸੰਧੂ ਨੇ ਦੱਸਿਆ ਕਿ ਅੱਜ ਮੁੱਖ ਅਹੁਦੇਦਾਰਾਂ ਨੇ ਮੀਟਿੰਗ ਕਰ ਕੇ ਫੈਸਲਾ ਲਿਆ ਹੈ ਕਿ ਉਹ ਕੱਲ ਸੁੱਚੀ ਪਿੰਡ ਦੇ ਟਰਨੀਮਲ ਵਿਚ ਜਾ ਕੇ ਪੈਟਰੋਲੀਅਮ ਪਦਾਰਥਾਂ ਅਤੇ ਗੈਸ ਸਪਲਾਈ ਕਰਨ ਵਾਲੀਆਂ ਟੈਂਕਰ ਯੂਨੀਅਨਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਵੀ ਹੜਤਾਲ ਵਿਚ ਸ਼ਾਮਲ ਕਰਵਾ ਕੇ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਬੈਠਕ ਵਿਚ ਸਾਰੇ ਟਰਾਂਸਪੋਰਟਰਾਂ ਨੇ ਇਕੱਠੇ ਹੋ ਕੇ ਕਿਹਾ ਕਿ ਹੁਣ ਟੀਮਾਂ ਬਣਾ ਕੇ ਚੱਲ ਰਹੇ ਟਰੱਕਾਂ ਨੂੰ ਰੋਕਿਆ ਜਾਵੇਗਾ। ਇਸ ਦੌਰਾਨ ਦੁੱਧ, ਸਬਜ਼ੀ ਅਤੇ ਹੋਰ ਚੀਜ਼ਾਂ ਦੀ ਸਪਲਾਈ ਰੋਕਣ ਲਈ ਵੀ ਰਾਤ ਨੂੰ ਨਾਕੇ ਲਾਉਣ ਦਾ ਫੈਸਲਾ ਲਿਆ ਗਿਆ। ਹੈਪੀ ਨੇ ਦੱਸਿਆ ਕਿ ਅੱਜ ਹੜਤਾਲ ਵਿਚ ਸ਼ਾਮਲ ਨਾ ਹੋਣ ਵਾਲੇ ਟਰੱਕ ਆਪ੍ਰੇਟਰਾਂ ਦੇ ਦਫਤਰ ਬੰਦ ਕਰਵਾਏ ਗਏ ਅਤੇ ਕਈ ਵਾਹਨਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਾਮਾਨ ਲਿਜਾ ਰਹੇ ਟਰੱਕਾਂ ਅਤੇ ਛੋਟੇ ਵਾਹਨਾਂ ਨੂੰ ਵੀ ਨਹੀਂ ਚੱਲਣ ਦਿੱਤਾ ਜਾਵੇਗਾ। ਇਸ ਮੌਕੇ ਟਰਾਂਸਪੋਰਟ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਪਰਮਜੀਤ ਬੱਲ, ਜਗਜੀਤ ਕੰਬੋਜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਬੀਰ ਸਿੰਘ ਰਾਜਾ, ਜੀ. ਐੱਸ. ਰੰਧਾਵਾ, ਸਤੀਸ਼ ਠਾਕੁਰ, ਰਵਿੰਦਰ ਸਿੰਘ ਧਾਲੀਵਾਲ ਤੇ ਹੋਰ ਵੀ ਮੌਜੂਦ ਸਨ।
ਹੜਤਾਲ ਦੇ ਬਾਵਜੂਦ ਮਾਲ ਵਾਹਕ ਟਰੱਕਾਂ ਦੀ ਆਵਾਜਾਈ ਰਹੀ ਜਾਰੀ
ਟਰੱਕ ਆਪ੍ਰੇਟਰ ਯੂਨੀਅਨਾਂ ਵਲੋਂ ਪਿਛਲੇ 4 ਦਿਨਾਂ ਤੋਂ ਸੜਕਾਂ ’ਤੇ ਉਤਰੇ ਟਰੱਕਾਂ ਨੂੰ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਯੂਨੀਅਨ ਅਹੁਦੇਦਾਰਾਂ ਅਤੇ ਰੋਕੇ ਗਏ ਟਰੱਕ ਡਰਾਈਵਰਾਂ ਦਰਮਿਆਨ ਕੁਝ ਝੜਪਾਂ ਵੀ ਹੋਈਆਂ। ਯੂਨੀਅਨ ਆਗੂ ਰੋਕੇ ਗਏ ਟਰੱਕਾਂ ਸਬੰਧੀ ਕਾਗਜ਼ਾਤ ਵੀ ਆਪਣੇ ਕਬਜ਼ੇ ਵਿਚ ਲੈ ਰਹੇ ਹਨ ਤਾਂ ਜੋ ਟਰੱਕ ਉਨ੍ਹਾਂ ਦੇ ਜਾਣ ਤੋਂ ਬਾਅਦ ਅੱਗੇ ਨਾ ਵਧ ਸਕਣ ਪਰ ਇਸਦੇ ਬਾਵਜੂਦ ਮੁੱਖ ਸੜਕਾਂ ’ਤੇ ਅੱਜ ਵੀ ਟਰੱਕਾਂ ਦੀ ਆਵਾਜਾਈ ਜਾਰੀ ਰਹੀ। ਇਸ ਦੌਰਾਨ ਹਾਈਵੇ ’ਤੇ ਮਾਲ ਨਾਲ ਲੱਦੇ ਟਰਾਲੇ ਨਿਕਲਦੇ ਵੇਖੇ ਗਏ ਅਤੇ ਕੁਝ ਫੈਕਟਰੀਆਂ ਵਿਚੋਂ ਵੀ ਮਾਲ ਲੱਦਿਆ ਗਿਆ, ਜਿਸ ਕਾਰਨ ਟਰੱਕ ਆਪ੍ਰੇਟਰ ਯੂਨੀਅਨਾਂ ਦੀ ਹੜਤਾਲ ਨੂੰ ਕਾਮਯਾਬ ਕਰਨ ਦੀਆਂ ਕੋਸ਼ਿਸ਼ਾਂ ਨੂੰ ਭਾਰੀ ਧੱਕਾ ਲੱਗਾ।
ਮਿਸ਼ਨ ਕਲੀਨ ਜਲੰਧਰ ਮਲਬੇ ਦੇ ਢੇਰ ਨੂੰ ਸ਼ਹਿਰ ਦੇ ਪਹਿਲੇ ਕੈਕਟਸ ਗਾਰਡਨ ’ਚ ਬਦਲ ਦਿੱਤਾ
NEXT STORY