ਕੋਟ ਈਸੇ ਖਾਂ/ਮੋਗਾ(ਪਵਨ ਗਰੋਵਰ/ਸੰਜੀਵ) - ਸਾਡੇ ਗੁਆਂਢੀ ਦੇਸ਼ ਵੱਲੋਂ ਸਾਡੀ ਆਰਥਿਕਤਾ, ਸ਼ਾਂਤੀ, ਜਵਾਨੀ ਅਤੇ ਲੋਕਾਂ ਦੇ ਹੱਸਦੇ-ਵਸਦੇ ਘਰਾਂ ਨੂੰ ਤਬਾਹ ਕਰਨ ਲਈ ਰਚੀਆਂ ਗਈਆਂ ਸਾਜ਼ਿਸ਼ਾਂ ਅਤੇ ਅਜਿਹੇ ਹੀ ਹੋਰ ਕਾਰਨਾਂ ਕਰ ਕੇ ਬੇਘਰ ਤੇ ਲਾਚਾਰ ਹੋ ਰਹੇ ਲੋਕਾਂ ਦੀ ਸਹਾਇਤਾ ਕਰਨ ਦੇ ਉਦੇਸ਼ ਨਾਲ 'ਹਿੰਦ ਸਮਾਚਾਰ' ਪੱਤਰ ਸਮੂਹ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਇੱਥੇ ਆਰ. ਕੇ. ਐੱਸ. ਅਤੇ ਆਈ. ਪੀ. ਐੱਸ. ਪਬਲਿਕ ਸਕੂਲ ਜਨੇਰ ਵੱਲੋਂ ਦਿੱਤੇ ਗਏ ਰਾਹਤ ਸਮੱਗਰੀ ਦੇ ਟਰੱਕ ਨੂੰ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਚੋਪੜਾ ਜੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਵਿਜੈ ਚੋਪੜਾ ਜੀ ਨੇ ਕਿਹਾ ਕਿ ਜਦੋਂ ਕਦੇ ਵੀ ਜੰਮੂ-ਕਸ਼ਮੀਰ 'ਚ ਕਿਸੇ ਤਰ੍ਹਾਂ ਦਾ ਸੰਕਟ ਪੈਦਾ ਹੋਇਆ ਤਾਂ ਸਾਡੇ ਪੰਜਾਬ ਦੇ ਲੋਕਾਂ ਨੇ ਹਰ ਸਥਿਤੀ 'ਚ ਉੱਥੋਂ ਦੇ ਵਾਸੀਆਂ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਚਾਹੇ ਕੱਪੜੇ ਭੇਜਣ ਦੀ ਗੱਲ ਹੋਵੇ, ਖਾਣ-ਪੀਣ ਜਾਂ ਕੋਈ ਹੋਰ ਸਾਮਾਨ, ਹਰ ਸਮੇਂ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ ਹੈ। ਰਾਹਤ ਸਮੱਗਰੀ ਦੇ ਟਰੱਕ ਦਾ ਦਾਨ ਦੇਣ ਵਾਲੇ ਪ੍ਰਤੀਨਿਧੀ ਸੰਜੀਵ ਸੂਦ ਅਤੇ ਰਾਜੀਵ ਸੂਦ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਿਜੈ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਅਜਿਹੇ ਸਮਾਜ ਸੇਵੀ ਕੰਮ ਭਵਿੱਖ 'ਚ ਵੀ ਜਾਰੀ ਰੱਖਣਗੇ।
ਇਸ ਸਮੇਂ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਬਿੰਦੂ ਸੂਦ, ਪ੍ਰੇਮ ਕੁਮਾਰ ਤਨੇਜਾ, ਮਲਵਿੰਦਰ ਸਿੰਘ ਕਾਲੀ, ਮਨੂੰ ਗਾਂਧੀ, ਸੋਨੂੰ ਮਾਲੜਾ, ਸ਼ੰਕਰ ਕਟਾਰੀਆ, ਕੌਂਸਲਰ ਰਾਜਨ ਵਰਮਾ, ਪ੍ਰਿੰਸੀਪਲ ਕੇ. ਸ਼ਸ਼ੀ ਕੁਮਾਰ, ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਆਦਿ ਹਾਜ਼ਰ ਸਨ।
ਟਿਊਸ਼ਨ ਅਧਿਆਪਕ ਨੇ ਟੱਪੀਆਂ ਵਿਦਿਆਰਥਣ ਨਾਲ ਹੱਦਾਂ, 6 ਨੂੰ ਅਦਾਲਤ ਸੁਣਾਏਗੀ ਸਜ਼ਾ
NEXT STORY