ਭਵਾਨੀਗੜ੍ਹ (ਵਿਕਾਸ ਮਿੱਤਲ)- ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮਗਰੋਂ ਹੁਣ ਹਾਲ ਹੀ 'ਚ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਨਵੇਂ ਚੁਣੇ ਪ੍ਰਧਾਨ 'ਆਪ' ਆਗੂ ਜਤਿੰਦਰ ਸਿੰਘ ਵਿੱਕੀ ਬਾਜਵਾ ਨੇ ਵੀ ਯੂਨੀਅਨ ਦੀ ਪ੍ਰਧਾਨਗੀ ਲਈ ਕਥਿਤ ਤੌਰ 'ਤੇ ਪੈਸੇ ਦੇ ਲੈਣ ਦੇਣ ਦੀ ਵੀਡੀਓ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਸਮੇਤ ਪਬਲਿਕ ਡੋਮੇਨ 'ਚ ਵਾਇਰਲ ਕਰਨ 'ਤੇ ਆਪਣੇ ਵਕੀਲ ਰਾਹੀਂ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਤੇ ਉਸਦੇ ਭਰਾ ਗੁਰਮੀਤ ਸਿੰਘ ਨੂੰ ਕਾਨੂੰਨੀ ਨੋਟਿਸ ਭਿਜਵਾਇਆ ਹੈ।
ਨੋਟਿਸ ਰਾਹੀਂ ਉਕਤਾਨ ਵਿਅਕਤੀਆਂ ਨੂੰ ਹਫਤੇ ਦੇ ਅੰਦਰ ਬਿਨਾਂ ਸ਼ਰਤ ਮੁਆਫੀ ਨਾ ਮੰਗਣ 'ਤੇ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਮੰਗਲਵਾਰ ਨੂੰ ਕਾਨੂੰਨੀ ਨੋਟਿਸ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਕਿ ਟਰੱਕ ਯੂਨੀਅਨ ਇੱਕ ਪ੍ਰਾਈਵੇਟ ਅਦਾਰਾ ਹੈ ਜਿਸ ਵਿਚ ਸਰਕਾਰ ਜਾਂ ਵਿਧਾਇਕ ਦੀ ਯੂਨੀਅਨ ਦੀ ਪ੍ਰਧਾਨ ਦੀ ਚੋਣ ਅਤੇ ਯੂਨੀਅਨ ਦੇ ਕੰਮ ਵਿਚ ਕੋਈ ਭੂਮਿਕਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਚੋਣ ਸਾਫ ਸੁਥਰੇ ਢੰਗ ਨਾਲ ਬਿਨਾਂ ਸਿਆਸੀ ਤੇ ਪ੍ਰਸ਼ਾਸਨਿਕ ਦਖਲ ਅੰਦਾਜੀ ਤੋਂ ਯੂਨੀਅਨ ਦੀ 5 ਮੈਂਬਰੀ ਕਮੇਟੀ ਨੇ ਕੀਤੀ ਹੈ। ਬਾਜਵਾ ਨੇ ਨੋਟਿਸ ਵਿਚ ਦੋਸ਼ ਲਾਇਆ ਹੈ ਕਿ ਮਨਜੀਤ ਸਿੰਘ ਕਾਕਾ ਅਤੇ ਗੁਰਮੀਤ ਸਿੰਘ ਨੇ ਇਸ ਚੋਣ ਸਬੰਧੀ ਵੀਡੀਓ ਬਣਾ ਕੇ ਉਨ੍ਹਾਂ 'ਤੇ ਝੂਠਾ ਦੋਸ਼ ਲਗਾਇਆ ਹੈ ਕਿ ਉਸ ਨੇ ਪ੍ਰਧਾਨਗੀ ਲਈ ਹਲਕਾ ਵਿਧਾਇਕ ਨੂੰ 55 ਲੱਖ ਰੁਪਏ ਦਿੱਤੇ ਹਨ।
ਬਾਜਵਾ ਨੇ ਕਿਹਾ ਕਿ ਇਸ ਝੂਠੀ ਵੀਡੀਓ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦੇ ਸਮਾਜਿਕ ਅਕਸ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਧਾਨ ਬਾਜਵਾ ਨੇ ਕਿਹਾ ਕਿ ਜੇਕਰ ਨੋਟਿਸ ਮਿਲਣ ਤੋਂ ਹਫਤੇ ਅੰਦਰ ਮੁਆਫੀ ਨਹੀਂ ਮੰਗੀ ਜਾਂਦੀ ਤਾਂ ਉਹ ਮਨਜੀਤ ਸਿੰਘ ਤੇ ਗੁਰਮੀਤ ਸਿੰਘ ਖਿਲਾਫ ਫੌਜਦਾਰੀ ਸਣੇ ਮਾਣਹਾਨੀ ਦਾ ਕੇਸ ਦਾਇਰ ਕਰਨ ਦੇ ਨਾਲ ਕਾਨੂੰਨੀ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਗੇ। ਜ਼ਿਕਰਯੋਗ ਹੈ ਇਸ ਮਾਮਲੇ ਵਿਚ ਬੀਤੇ ਕੱਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵੀ ਉਕਤ ਭਰਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਮੇਅਰ ਨੇ NHAI, ਸਿਹਤ ਸ਼ਾਖਾ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ; ਸ਼ਹਿਰ 'ਚ ਸਫਾਈ ਲਈ ਦਿੱਤੇ ਸਖ਼ਤ ਨਿਰਦੇਸ਼
NEXT STORY