ਮੋਗਾ (ਆਜ਼ਾਦ) : ਵਿਜੀਲੈਂਸ ਬਿਊਰੋ ਮੋਗਾ ਵੱਲੋਂ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼ਰਦ ਸਤਿਆ ਚੌਹਾਨ ਦੇ ਨਿਰਦੇਸ਼ਾਂ ’ਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਸਮੇਂ ਸਫਲਤਾ ਹਾਸਲ ਹੋਈ, ਜਦੋਂ ਵਿਜੀਲੈਂਸ ਬਿਊਰੋ ਨੇ ਨਹਿਰੀ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਸੋਨੀ ਵਾਸੀ ਨਿੰਮ ਵਾਲਾ ਚੌਕ, ਤਲਵੰਡੀ ਭਾਈ ਨੇ ਵਿਜੀਲੈਂਸ ਬਿਊਰੋ ਮੋਗਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪੁੱਤਰ ਮੋਹਿਤ ਕਾਇਤ ਨੂੰ ਨਹਿਰੀ ਵਿਭਾਗ ਵਿਚ ਬੇਲਦਾਰ ਦੀ ਨੌਕਰੀ ਦਿਵਾਉਣ ਦੇ ਨਾਂ ’ਤੇ ਨਹਿਰੀ ਵਿਭਾਗ ਵਿਚ ਕੰਮ ਕਰਦੇ ਵੀਰ ਸਿੰਘ ਬੇਲਦਾਰ ਅਤੇ ਜਗਦੇਵ ਸਿੰਘ ਗੇਜ ਰੀਡਰ ਨੇ 5-6 ਲੱਖ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਦੋਵਾਂ ਨੂੰ ਪਹਿਲਾਂ ਹੀ ਸਾਢੇ 5 ਲੱਖ ਰੁਪਏ ਦੇ ਦਿੱਤੇ ਸਨ ਪਰ ਉਸ ਦੇ ਪੁੱਤਰ ਨੂੰ ਕੋਈ ਨਿਯੁਕਤੀ ਪੱਤਰ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਕਥਿਤ ਮੁਲਜ਼ਮਾਂ ਵੱਲੋਂ ਨਿਯੁਕਤੀ ਪੱਤਰ ਦਿਵਾਉਣ ਦੇ ਨਾਂ ’ਤੇ ਹੋਰ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।
ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐੱਸ. ਪੀ. ਸੋਹਨ ਸਿੰਘ ਅਤੇ ਇੰਸਪੈਕਟਰ ਰਾਜਿੰਦਰ ਸਿੰਘ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਵੀਰ ਸਿੰਘ ਬੇਲਦਾਰ ਅਤੇ ਜਗਦੇਵ ਸਿੰਘ ਗੇਜ ਰੀਡਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਦੋਵਾਂ ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਵੱਲੋਂ ਦੋਵਾਂ ਕਥਿਤ ਮੁਲਜ਼ਮਾਂ ਦੀ ਕੀਤੀ ਗਈ ਰਿਕਾਰਡਿੰਗ ਵੀ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਇਸ ਦੇ ਆਧਾਰ ’ਤੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਕਥਿਤ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰਨ ਉਪਰੰਤ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ
NEXT STORY