ਗੁਰਾਇਆ (ਮੁਨੀਸ਼ ਬਾਵਾ)-ਗੁਰਾਇਆਂ ਦੇ ਨਜ਼ਦੀਕੀ ਪਿੰਡ ਪਾਸਲਾ ਵਿਖੇ ਦੋ ਧਿਰਾਂ ਦੀ ਲੜਾਈ ’ਚ ਬੇਕਸੂਰ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਗਿਆ। ਇਸ ਦੌਰਾਨ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਇਸ ਝਗੜੇ ਦੌਰਾਨ ਇਕ ਕਾਰ ਦੀ ਭੰਨ-ਤੋੜ ਕੀਤੀ ਗਈ। ਪ੍ਰਵਾਸੀ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਜਿੱਥੇ ਿੲਨ੍ਹਾਂ ਦੇ ਪਰਿਵਾਰ ’ਚ ਬਹੁਤ ਗੁੱਸਾ ਹੈ, ਉਥੇ ਹੀ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਘਰ ’ਚ ਕਮਾਉਣ ਵਾਲੇ ਦੋਵੇਂ ਹੀ ਪ੍ਰਵਾਸੀ ਮਜ਼ਦੂਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸ਼ੀਲ ਕੁਮਾਰ ਪੁੱਤਰ ਸੰਤੋਸ਼ ਮੰਡਲ ਵਾਸੀ ਪਾਸਲਾ ਨੇ ਦੱਸਿਆ ਕਿ ਪਿੰਡ ਪਾਸਲਾ ਵਿਖੇ ਮੇਲਾ ਚੱਲ ਰਿਹਾ ਸੀ ਕਿ ਅਚਾਨਕ ਦੋ ਕਾਰਾਂ ਨਾਗਰਾ ਰੋਡ ਤੋਂ ਮੇਲੇ ਵਾਲੀ ਥਾਂ ਨੂੰ ਤੇਜ਼ ਰਫ਼ਤਾਰ ਨਾਲ ਮੁੜੀਆਂ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ : ਗੌਰਵ ਯਾਦਵ ਵੱਲੋਂ DGP ਦਾ ਅਹੁਦਾ ਸੰਭਾਲਦਿਆਂ ਹੀ ਪੰਜਾਬ ਪੁਲਸ ’ਚ ਵੱਡਾ ਫੇਰਬਦਲ, 334 ਅਫ਼ਸਰਾਂ ਦੇ ਤਬਾਦਲੇ
ਪਿੰਡ ਦੀਆਂ ਹੀ ਦੋ ਧਿਰਾਂ ਵਿਚਾਲੇ ਹੋਏ ਆਪਸੀ ਝਗੜੇ ’ਚ ਗੋਲੀਬਾਰੀ ਦੌਰਾਨ ਇਕ ਸਫੈਦ ਜ਼ੈੱਨ ਕਾਰ ਨੰ. ਪੀਬੀ 09 ਡੀ 5927 , ਜਿਸ ’ਚ ਕੁਝ ਨੌਜਵਾਨ ਸਵਾਰ ਸਨ, ਨੇ ਕਾਰ ਨੂੰ ਬੈਕ ਹੀ ਭਜਾਉਣਾ ਸ਼ੁਰੂ ਕਰ ਦਿੱਤਾ ਅਤੇ ਪਿੱਛੋਂ ਖੇਤਾਂ ’ਚੋਂ ਕੰਮ ਕਰਕੇ ਘਰ ਨੂੰ ਆ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜ ਦਿੱਤਾ। ਪ੍ਰਵਾਸੀ ਮਜ਼ਦੂਰਾਂ ਨੂੰ ਕਾਰ ਸੜਕ ਤੋਂ ਘੜੀਸਦੀ ਹੋਈ ਖੇਤਾਂ ’ਚ ਕਾਫੀ ਦੂਰ ਤੱਕ ਲੈ ਗਈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ ਹੈ। ਪ੍ਰਵਾਸੀ ਮਜ਼ਦੂਰ ਰਾਜ ਕੁਮਾਰ (75) ਵਾਸੀ ਪਿੰਡ ਪਾਸਲਾ ਤੇ ਭੋਲਾ ਸ਼ੰਕਰ ਪੁੱਤਰ ਸੁੱਖਲ ਮੰਡਲ ਉਮਰ ਤਕਰੀਬਨ 46 ਸਾਲ ਵਾਸੀ ਪਿੰਡ ਪਾਸਲਾ ਦੀ ਮੌਤ ਹੋ ਗਈ। ਇਸ ਦੌਰਾਨ ਮੌਕੇ ’ਤੇ ਪਹੁੰਚੇ ਐੱਸ.ਐੱਚ.ਓ. ਥਾਣਾ ਨੂਰਮਹਿਲ ਹਰਦੀਪ ਸਿੰਘ ਅਤੇ ਡੀ.ਐੱਸ.ਪੀ. ਲਖਵਿੰਦਰ ਸਿੰਘ ਮੱਲ ਨੇ ਕਿਹਾ ਕਿ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਫਾਇਰਿੰਗ ਕਿਸ ਧਿਰ ਵੱਲੋਂ ਕੀਤੀ ਗਈ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪਿਤਾ ਤੋਂ ਮਿਲੀ ਸੀ ਸਿਆਸਤ ਦੀ ਗੁੜ੍ਹਤੀ, ਦੋ ਵਾਰ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਬਣੇ ਅਮਨ ਅਰੋੜਾ
ਪੁਲਸ ਨੂੰ ਗੋਲ਼ੀਆਂ ਦੇ ਖੋਲ ਬਰਾਮਦ ਹੋ ਗਏ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ । ਦੂਜੇ ਪਾਸੇ ਉਨ੍ਹਾਂ ਕਿਹਾ ਕਿ ਝਗੜੇ ਦੇ ਮਾਮਲੇ ਵਿਚ ਕੁਝ ਨੌਜਵਾਨ ਜ਼ਖ਼ਮੀ ਹੋਏ ਹਨ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ । ਪਰਿਵਾਰਕ ਮੈਂਬਰਾਂ ਨੇ ਮੰਗ ਕਰਦਿਆਂ ਕਿਹਾ ਕਿ ਜਦ ਤੱਕ ਪਰਚਾ ਦਰਜ ਨਹੀਂ ਕੀਤਾ ਜਾਂਦਾ, ੳੁਦੋਂ ਤਕ ਮ੍ਰਿਤਕ ਦੇਹਾਂ ਦੇ ਸਸਕਾਰ ਨਹੀਂ ਕੀਤੇ ਜਾਣਗੇ । ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਇਕ ਨੌਜਵਾਨ ਵੱਲੋਂ ਥਾਣਾ ਨੂਰਮਹਿਲ ’ਚ ਦੋ ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਗਈ ਸੀ ਪਰ ਨੂਰਮਹਿਲ ਪੁਲਸ ਨੇ ਉਸ ਉੱਪਰ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ, ਜੇਕਰ ਪੁਲਸ ਮੌਕੇ ਸਿਰ ਕਾਰਵਾਈ ਕਰ ਦਿੰਦੀ ਤਾਂ ਇਹ ਘਟਨਾ ਨਾ ਵਾਪਰਦੀ।
ਐੱਸ. ਪੀ. ਵੱਲੋਂ ਜਨਾਨੀ ਨਾਲ ਕੀਤੇ ਜਬਰ-ਜ਼ਿਨਾਹ ਦੇ ਮਾਮਲੇ ’ਚ ਹੋਇਆ ਹੈਰਾਨੀਜਨਕ ਖੁਲਾਸਾ
NEXT STORY