ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ ਅੱਜ ਵਿਸਥਾਰ ਹੋ ਗਿਆ ਹੈ। ਇਸ ਵਾਰ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਇਨ੍ਹਾਂ ਪੰਜ ਵਿਧਾਇਕਾਂ ’ਚ 2022 ਵਿਧਾਨ ਸਭਾ ਚੋਣਾਂ ’ਚ ਸੁਨਾਮ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਵਿਧਾਇਕ ਅਮਨ ਅਰੋੜਾ ਸ਼ਾਮਲ ਹਨ, ਜਿਨ੍ਹਾਂ ਨੂੰ ਆਖਿਰ ਮੰਤਰੀ ਵਜੋਂ ਸਹੁੰ ਚੁਕਾਈ ਗਈ। ਮਰਹੂਮ ਭਗਵਾਨ ਦਾਸ ਅਰੋੜਾ ਦੇ ਸਪੁੱਤਰ ਅਮਨ ਅਰੋੜਾ ਛੋਟੀ ਉਮਰ ’ਚ ਹੀ ਸਿਆਸੀ ਸਫ਼ਰ ’ਚ ਤੁਰ ਪਏ ਸਨ ਅਤੇ ਆਪਣੇ ਪਿਤਾ ਕੋਲੋਂ ਸਿਆਸਤ ਦੀ ਗੁੜ੍ਹਤੀ ਲੈ ਕੇ ਵੱਖ-ਵੱਖ ਸਮਿਆਂ ’ਤੇ ਲੋਕ ਸੇਵਾ ਦੇ ਨਾਲ-ਨਾਲ ਸਿਆਸਤ ਵੀ ਕਰਦੇ ਰਹੇ। ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਪੰਜਾਬ ਦੇ ਸਿਆਸੀ ਸਫ਼ਰ ’ਚ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ ਕਿਉਂਕਿ ਭਗਵਾਨ ਦਾਸ ਅਰੋੜਾ ਦੋ ਵਾਰ ਵਿਧਾਇਕ ਅਤੇ ਇਕ ਵਾਰ ਪੰਜਾਬ ਦੀ ਕਾਂਗਰਸ ਸਰਕਾਰ ’ਚ ਮੰਤਰੀ ਬਣੇ ਸਨ । ਉਹ ਆਪਣੇ ਸਮੇਂ ’ਚ ਕਾਂਗਰਸ ਦੇ ਧੜੱਲੇਦਾਰ ਆਗੂਆਂ ’ਚੋਂ ਇਕ ਸਨ। ਸਾਲ 2000 ’ਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਉਸ ਤੋਂ 22 ਸਾਲ ਬਾਅਦ ਅਮਨ ਅਰੋੜਾ ਕੈਬਨਿਟ ’ਚ ਸ਼ਾਮਲ ਹੋਏੇ ਹਨ। ਆਪਣੇ ਪਿਤਾ ਵਾਂਗ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੀ ਆਪਣੇ ਹਲਕੇ ਦੇ ਲੋਕਾਂ ਨਾਲ ਬਾਖ਼ੂਬੀ ਜੁੜੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਖਾਕੀ ਫਿਰ ਹੋਈ ਦਾਗ਼ਦਾਰ, ਜਬਰ-ਜ਼ਿਨਾਹ ਦੇ ਮਾਮਲੇ ’ਚ ਗੁਰਦਾਸਪੁਰ ਦਾ SP (ਹੈੱਡਕੁਆਰਟਰ) ਗ੍ਰਿਫ਼ਤਾਰ
ਅਮਨ ਅਰੋੜਾ ਨੇ 2007 ਅਤੇ 2012 ’ਚ ਕਾਂਗਰਸ ਦੀ ਟਿਕਟ ਤੋਂ ਸੁਨਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਪਰ ਉਹ ਜਿੱਤ ਨਹੀਂ ਸਕੇ। ਉਨ੍ਹਾਂ ਆਪਣਾ ਸਿਆਸੀ ਸਫ਼ਰ ਜਾਰੀ ਰੱਖਿਆ ਅਤੇ ਹਲਕੇ ਦੇ ਲੋਕਾਂ ’ਚ ਮੇਲ-ਮਿਲਾਪ ਨੂੰ ਘੱਟ ਨਹੀਂ ਕੀਤਾ। 2016 ’ਚ ਉਨ੍ਹਾਂ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ ਅਤੇ ਲਗਾਤਾਰ ਪਾਰਟੀ ਦੀ ਸੇਵਾ ’ਚ ਲੱਗੇ ਰਹੇ। 2017 ’ਚ ਆਮ ਆਦਮੀ ਪਾਰਟੀ ਵੱਲੋਂ ਮੁੜ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਹਲਕਾ ਸੁਨਾਮ ਦੀ ਨੁਮਾਇੰਦਗੀ ਕੀਤੀ।
ਆਪਣੀ ਸਿਆਸੀ ਵਿੱਤ ਅਨੁਸਾਰ ਜਿੱਥੇ ਲੋਕਾਂ ਦੇ ਕਾਰਜ ਕਰਵਾਏ, ਉਥੇ ਹੀ ਹਰ ਦੁੱਖ-ਸੁੱਖ ’ਚ ਵੀ ਸ਼ਮੂਲੀਅਤ ਕੀਤੀ। 2022 ’ਚ ਦੂਜੀ ਵਾਰ ਫਿਰ ਆਮ ਆਦਮੀ ਪਾਰਟੀ ਵੱਲੋਂ ਸੁਨਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਪੰਜਾਬ ਭਰ ’ਚੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ। ਪਿਛਲੇ ਲੰਮੇ ਸਮੇਂ ਤੋਂ ਅਰੋੜਾ ਬਰਾਦਰੀ ਵੱਲੋਂ ਅਰੋੜਾ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਦੀ ਕੀਤੀ ਜਾ ਰਹੀ ਮੰਗ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ ਕਿਉਂਕਿ ਜ਼ਿਲ੍ਹਾ ਸੰਗਰੂਰ ਵਿਚ ਅਰੋੜਾ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ ’ਚ ਅਜਨਾਲਾ ਦੇ ਨੌਜਵਾਨ ਦੀ ਮੌਤ
ਮਾਨ ਸਰਕਾਰ ਜਲਦ ਹੀ ਬੇਅਦਬੀ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ : ਮਲਵਿੰਦਰ ਕੰਗ
NEXT STORY