ਅਬੋਹਰ, (ਸੁਨੀਲ)– ਪੁਰਾਣੀ ਫਾਜ਼ਿਲਕਾ ਰੋਡ ’ਤੇ ਸਥਿਤ ਮੁਹੱਲਾ ਦਿਆਲ ਨਗਰੀ ਵਾਸੀ ਇਕ ਵਿਅਕਤੀ ਦੀ ਬੀਤੀ ਰਾਤ ਇਕ ਸਡ਼ਕ ਹਾਦਸੇ ’ਚ ਮੌਤ ਹੋ ਗਈ। ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਦਿਆਲ ਨਗਰੀ ਵਾਸੀ ਕਰੀਬ 45 ਸਾਲਾ ਜਗਦੀਸ਼ ਪੁੱਤਰ ਬਨਵਾਰੀ ਲਾਲ ਬੀਤੀ ਰਾਤ ਮੋਟਰਸਾਈਕਲ ’ਤੇ ਹਿੰਦੂਮਲਕੋਟ ਰੋਡ ਤੋਂ ਘਰ ਆ ਰਿਹਾ ਸੀ। ਜਦ ਉਹ ਸਚਖੰਡ ਸਕੂਲ ਦੇ ਨੇਡ਼ੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਤੇ ਪਸ਼ੂ ਨਾਲ ਟਕਰਾ ਕੇ ਜ਼ਖਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਹਸਪਤਾਲ ’ਚ ਪੁੱਜੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਸਬੰਧੀ ਹਸਪਤਾਲ ’ਚ ਹੰਗਾਮਾ ਹੋ ਗਿਆ ਤੇ ਡਾਕਟਰੀ ਟੀਮ ਨੂੰ ਪੁਲਸ ਬੁਲਾਉਣੀ ਪਈ। ਨਗਰ ਥਾਣਾ ਨੰਬਰ 1 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਲਵੰਡੀ ਭਾਈ, (ਗੁਲਾਟੀ)–ਅੱਜ ਸ਼ਾਮੀ ਕੌਮੀਸ਼ਾਹ ਮਾਰਗ ’ਤੇ ਪਿੰਡ ਕੋਟਲਾ ਦੇ ਬਾਈਪਾਸ ਨੇਡ਼ੇ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਕਾਰ ਸਵਾਰ ਇਕ ਅੌਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਜਿਸਨੂੰ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ। ਮੌਕੇ ’ਤੇ ਪੁੱਜੇ ਸਥਾਨਕ ਪੁਲਸ ਦੇ ਏ. ਐੱਸ. ਆਈ. ਪਾਲ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਕਾਰ ਪਿੰਡ ਕੋਟਲਾ ਨੇਡ਼ੇ ਬੇਕਾਬੂ ਹੋ ਕੇ ਪਲਟ ਗਈ। ਕਾਰ ਸਵਾਰ ਬੋਹਡ਼ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੀ ਪਤਨੀ ਬਲਵੀਰ ਕੌਰ ਅਤੇ ਬੇਟੀ ਨਾਲ ਲੁਧਿਆਣਾ ਤੋਂ ਵਾਪਸ ਸ੍ਰੀ ਮੁਕਤਸਰ ਸਾਹਿਬ ਨੂੰ ਪਰਤ ਰਹੇ ਸਨ ਕਿ ਇਹ ਹਾਦਸਾ ਹੋ ਗਿਆ। ਇਸ ਹਾਦਸੇ ’ਚ ਬਲਵੀਰ ਕੌਰ ਦੇ ਸਿਰ ’ਚ ਗੰਭੀਰ ਸੱਟ ਲੱਗੀ। ਜਿਸਨੂੰ ਨੂੰ ਇਲਾਜ ਲਈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਸੱਟ ਗੰਭੀਰ ਹੋਣ ਕਰ ਕੇ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਪਿਉ ਅਤੇ ਧੀ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਫਿਰੋਜ਼ਪੁਰ, (ਕੁਮਾਰ, ਮਲਹੋਤਰਾ)–ਕੈਂਟ ਦੇ ਡੀ. ਸੀ. ਚੌਕ ’ਚ ਇਕ ਸਡ਼ਕ ਹਾਦਸੇ ਦੌਰਾਨ ਜੀ. ਆਰ. ਪੀ. ਦੇ ਹੌਲਦਾਰ ਦੇ ਜ਼ਖਮੀ ਹੋਣ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ ਇਕ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ’ਚ ਜ਼ਖਮੀ ਹੋਏ ਹੌਲਦਾਰ ਸੁਖਦਰਸ਼ਨ ਸਿੰਘ ਦੀ ਪਤਨੀ ਸਰਬਜੀਤ ਕੌਰ ਵਾਸੀ ਖੱਚਰਾਂ ਵਾਲਾ, ਜ਼ਿਲਾ ਫਰੀਦਕੋਟ ਹਾਲ ਆਬਾਦ ਪੁਲਸ ਲਾਈਨ ਫਿਰੋਜ਼ਪੁਰ ਨੇ ਦੱਸਿਆ ਕਿ ਜਦ ਉਸ ਦਾ ਪਤੀ ਹੌਲਦਾਰ ਸੁਖਦਰਸ਼ਨ ਸਿੰਘ ਮੋਟਰਸਾਈਕਲ ’ਤੇ ਡਿਊਟੀ ’ਤੇੇ ਜਾ ਰਿਹਾ ਸੀ ਤਾਂ ਕਰੀਬ ਰਾਤ 11 ਵਜੇ ਡੀ. ਸੀ. ਚੌਕ ਫਿਰੋਜ਼ਪੁਰ ਛਾਉਣੀ ’ਚ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ’ਚ ਉਸ ਦਾ ਪਤੀ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਅਣਪਛਾਤੇ ਵਾਹਨ ਚਾਲਕ ਹਾਦਸਾ ਕਰ ਕੇ ਫਰਾਰ ਹੋ ਗਿਆ। ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਅਬੋਹਰ, (ਸੁਨੀਲ)–ਨਵੀਂ ਫਾਜ਼ਿਲਕਾ ਰੋਡ ਵਾਸੀ ਇਕ ਨੌਜਵਾਨ ਅੱਜ ਦੁਪਹਿਰ ਬੱਸ ਦੇ ਹੇਠਾਂ ਆਉਣ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਥੋਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 25 ਸਾਲਾ ਨੌਜਵਾਨ ਅਮਨੀਸ਼ ਪੁੱਤਰ ਮਦਨ ਲਾਲ ਦੇ ਪਰਿਵਾਰ ਨੇ ਦੱਸਿਆ ਕਿ ਉਹ ਚਾਚਾ ਸਵੀਟ ਹਾਊਸ ਦੇ ਕੋਲ ਆਪਣੇ ਮੋਟਰਸਾਈਕਲ ’ਤੇ ਸੀ ਕਿ ਸਾਹਮਣੇ ਤੋਂ ਆ ਰਹੀ ਬੱਸ ਦੇ ਅਗਲੇ ਟਾਇਰ ਹੇਠਾਂ ਆਉਣ ਨਾਲ ਉਹ ਜ਼ਖਮੀ ਹੋ ਗਿਆ। ਉਸ ਦੇ ਪੈਰ ’ਤੇ ਸੱਟਾਂ ਲੱਗੀਅਾਂ ਹਨ।
ਜਲਾਲਾਬਾਦ, (ਟੀਨੂੰ, ਦੀਪਕ)–ਸਥਾਨਕ ਸ਼ਹਿਰ ਦੀ ਲੱਖੇਵਾਲੀ ਰੋਡ ’ਤੇ ਅੱਜ ਸਵੇਰੇ ਇਕ ਟਰੈਕਟਰ-ਟਰਾਲੀ ਚਾਲਕ ਵੱਲੋਂ ਸਡ਼ਕ ਕਿਨਾਰੇ ਖਡ਼੍ਹੇ ਟਰੈਕਟਰ-ਟਰਾਲੀ ਨੂੰ ਪਿੱਛੋ ਜ਼ੋਰਦਾਰ ਟੱਕਰ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਵੇਂ ਕਿ ਇਸ ਟੱਕਰ ਦੌਰਾਨ ਕਿਸੇ ਵਿਅਕਤੀ ਨੂੰ ਸੱਟਾਂ ਨਹੀਂ ਲੱਗੀਆਂ ਹਨ ਪਰ ਉਥੇ ਹੀ ਸਡ਼ਕ ਕਿਨਾਰੇ ਖਡ਼੍ਹਾ ਹਰਭਗਵਾਨ ਮਦਾਨ ਪੁੱਤਰ ਰਿਖੀ ਰਾਮ ਵਾਸੀ ਜਲਾਲਾਬਾਦ ਦਾ ਮੋਟਰਸਾਈਕਲ ਬੂਰੀ ਤਰ੍ਹਾਂ ਨੁਕਸਾਨਿਆ ਗਿਆ।
ਬੇਕਾਬੂ ਹੋਈ ਕਾਰ ਪਲਟੀ, ਔਰਤ ਗੰਭੀਰ ਜਖ਼ਮੀ
NEXT STORY