ਬੱਧਨੀ ਕਲਾਂ, (ਬੱਬੀ)- ਬੱਧਨੀ ਕਲਾਂ ਦੇ ਇਕ ਵਿਅਕਤੀ ਨੂੰ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਉਰਫ ਸੇਬੀ (50) ਪੁੱਤਰ ਕਰਨੈਲ ਸਿੰਘ ਰਾਤ ਨੂੰ 7.30 ਵਜੇ ਦੇ ਕਰੀਬ ਆਪਣੇ ਖੇਤਾਂ 'ਚੋਂ ਹੋ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਕਿ ਰਸਤੇ 'ਚ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਫੇਟ ਮਾਰ ਕੇ ਸੁੱਟ ਦਿੱਤਾ ਤੇ ਉਸ ਨੂੰ ਆਪਣਾ ਰਿਵਾਲਵਰ ਦੇਣ ਲਈ ਧਮਕਾਉਣ ਲੱਗ ਪਏ ਤੇ ਉਨ੍ਹਾਂ 'ਚ ਹੱਥੋਪਾਈ ਹੋ ਗਈ।
ਸੁਖਦੇਵ ਸਿੰਘ ਨੇ ਉਨ੍ਹਾਂ ਦਾ ਪੂਰੀ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਜਦੋਂ ਆਪਣਾ ਰਿਵਾਲਵਰ ਨਾ ਦਿੱਤਾ ਤਾਂ ਉਨ੍ਹਾਂ ਆਪਣੇ ਪਿਸਤੌਲ ਨਾਲ ਉਸ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੇਟ 'ਚ ਵੱਜੀ ਤੇ ਉਹ ਜ਼ਖਮੀ ਹੋ ਕੇ ਸੜਕ 'ਤੇ ਹੀ ਡਿੱਗ ਪਿਆ, ਜਿਸ 'ਤੇ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਤਲਾਸ਼ੀ ਲਈ ਤੇ ਡੱਬ 'ਚੋਂ ਲਾਇਸੈਂਸੀ ਰਿਵਾਲਵਰ ਕੱਢ ਕੇ ਫਰਾਰ ਹੋ ਗਏ। ਜ਼ਖਮੀ ਸੁਖਦੇਵ ਸਿੰਘ ਨੂੰ ਨਗਰ ਪਾਲਿਕਾ ਪ੍ਰਧਾਨ ਬਲਦੇਵ ਸਿੰਘ ਅਤੇ ਗ੍ਰੰਥੀ ਨਿਰਮਲ ਸਿੰਘ ਵੱਲੋਂ ਤੁਰੰਤ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਰੈਫਰ ਕਰ ਦਿੱਤਾ। ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਖਤਰੇ ਤੋਂ ਬਾਹਰ ਹੈ ਤੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਸਬੰਧੀ ਜਦੋਂ ਥਾਣਾ ਥਾਣਾ ਬੱਧਨੀ ਕਲਾਂ ਦੀ ਐੱਸ. ਐੱਚ. ਓ. ਇੰਸਪੈਕਟਰ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ।
ਹਲਕਾ ਧਰਮਕੋਟ ਦੇ ਪਿੰਡਾਂ 'ਚ ਚੋਰਾਂ ਨੇ ਮਚਾਇਆ ਹੜਕੰਪ
NEXT STORY