ਮੋਗਾ, (ਆਜ਼ਾਦ)- ਪੀਪਿਆਂ ਵਾਲੀ ਗਲੀ ਮੋਗਾ ਨਿਵਾਸੀ ਚੰਦਰ ਪ੍ਰਕਾਸ਼ ਦੇ ਘਰ 'ਚੋਂ ਅਣਪਛਾਤੇ ਚੋਰਾਂ ਵੱਲੋਂ ਨਕਦੀ ਅਤੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ ਕਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਸਾਊਥ ਮੋਗਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਪਰ ਕੋਈ ਤੁਰੰਤ ਸੁਰਾਗ ਨਹੀਂ ਮਿਲ ਸਕਿਆ। ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਪ੍ਰਤਾਪ ਰੋਡ 'ਤੇ ਗਾਰਮੈਂਟਸ ਦੀ ਦੁਕਾਨ 'ਤੇ ਕੰਮ ਕਰਦਾ ਹੈ।
ਬੀਤੀ ਰਾਤ ਉਹ ਆਪਣੇ ਭਰਾ ਕਮਲ ਕੁਮਾਰ ਦੀ ਧੀ ਦੇ ਵਿਆਹ 'ਤੇ ਪਰਿਵਾਰ ਸਮੇਤ ਮੈਜਿਸਟਿਕ ਪੈਲੇਸ 'ਚ ਗਿਆ ਹੋਇਆ ਸੀ ਤੇ ਸਾਡੇ ਨਾਲ ਹੀ ਗਲੀ-ਮੁਹੱਲੇ ਦੇ ਲੋਕ ਵੀ ਉਥੇ ਸਨ। ਜਦ ਰਾਤ ਢਾਈ-ਤਿੰਨ ਵਜੇ ਦੇ ਕਰੀਬ ਸਾਡੇ ਮੁਹੱਲੇ ਦੇ ਲੋਕ ਉਥੋਂ ਵਾਪਸ ਆਏ ਤਾਂ ਉਨ੍ਹਾਂ ਦੇਖਿਆ ਕਿ ਸਾਡੇ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ, ਜਿਸ 'ਤੇ ਉਨ੍ਹਾਂ ਸਾਨੂੰ ਸੂਚਿਤ ਕੀਤਾ ਤਾਂ ਅਸੀਂ ਆ ਕੇ ਦੇਖਿਆ ਕਿ ਸਾਡੇ ਘਰ 'ਚ ਪਈ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਸਾਰਾ ਸਾਮਾਨ ਅਤੇ ਕੱਪੜੇ ਵੀ ਖਿੱਲਰੇ ਪਏ ਸਨ। ਅਸੀਂ ਜਾਂਚ ਕੀਤੀ ਤਾਂ ਘਰ 'ਚੋਂ ਚਾਰ-ਪੰਜ ਤੋਲੇ ਸੋਨੇ ਦੇ ਗਹਿਣੇ, ਮਕਾਨ ਦੀ ਰਜਿਸਟਰੀ ਕਰਵਾਉਣ ਲਈ ਰੱਖੇ 75 ਹਜ਼ਾਰ ਰੁਪਏ ਤੇ ਹੋਰ ਸਾਮਾਨ ਗਾਇਬ ਸੀ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਚੌਕ ਸੇਖਾ ਕੋਟਕਪੂਰਾ ਰੋਡ 'ਤੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਦੇਖ ਰਹੇ ਹਨ ਤਾਂ ਕਿ ਚੋਰੀ ਦਾ ਕੋਈ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਕਰ ਲੋ ਪਰਚੇ, ਅਸੀਂ ਕਿਹੜਾ ਡਰਦੇ ਹਾਂ : ਬਾਦਲ
NEXT STORY