ਤਰਨਤਾਰਨ, (ਰਮਨ) — ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਨਵੀਂ ਬਣੀ ਸਰਕਾਰ ਦੀ ਅੱਜ ਹੋਈ ਪਹਿਲੀ ਕੈਬਨਿਟ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ. ਆਈ. ਪੀ ਕਲਚਰ ਨੂੰ ਖਤਮ ਕਰਕੇ ਸਾਦੇ ਢੰਗ ਨਾਲ ਕੰਮਕਾਜ ਕਰਨ ਦੇ ਫੈਸਲੇ ਤੋਂ ਜਿਥੇ ਆਮ ਵਰਗ ਦੇ ਲੋਕ ਖੁਸ਼ ਨਜ਼ਰ ਆ ਰਹੇ ਹਨ, ਉਥੇ ਹੀ ਲਾਲ ਬੱਤੀ ਲੱਗਾ ਕੇ ਲੋਕਾਂ ਵਿਚ ਚਮਕ ਬਣਾਉਣ ਵਾਲਿਆਂ ਨੂੰ ਫੈਸਲਾ ਹਜ਼ਮ ਨਹੀਂ ਹੋਵੇਗਾ ।
ਇਸ ਫੈਸਲੇ 'ਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਸਾਰੇ ਮੰਤਰੀ ਅਤੇ ਵਿਧਾਇਕ ਆਪਣੇ ਵਾਹਨਾਂ 'ਤੇ ਲਾਲ ਬੱਤੀ ਨਹੀਂ ਲਗਾਉਣਗੇ ਅਤੇ ਪੰਜਾਬ 'ਚ ਫੈਲੇ ਵੀ. ਆਈ. ਪੀ. ਕਲਚਰ ਨੂੰ ਬੰਦ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨਗੇ। ਪੰਜਾਬ ਅੰਦਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਆਮ ਹੀ ਵੇਖਣ ਨੂੰ ਮਿਲਦਾ ਸੀ ਕਿ ਮੁਹੱਲੇ ਦੇ ਕੌਂਸਲਰ ਤਾਂ ਦੂਰ ਦੀ ਗੱਲ ਮੁਹੱਲੇ ਦੇ ਪ੍ਰਧਾਨ ਵੀ ਆਪਣੀ ਗੱਡੀ 'ਤੇ ਲਾਲ ਬੱਤੀ ਲਗਾ ਕੇ ਘੁੰਮਦੇ ਨਜ਼ਰ ਆਉਂਦੇ ਸਨ। ਜਿਨ੍ਹਾਂ ਨੂੰ ਲਾਅ ਐਂਡ ਆਡਰ ਦੀ ਕੋਈ ਪ੍ਰਵਾਹ ਨਹੀਂ ਸੀ । ਇਸ ਦੇ ਨਾਲ-ਨਾਲ ਆਮ ਹੀ ਇਹ ਵੀ ਵੇਖਣ ਨੂੰ ਮਿਲਦਾ ਸੀ ਕੀ ਕੁਝ ਸਿਆਸੀ ਨੇਤਾਵਾਂ ਜਾਂ ਫਿਰ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਲੀਡਰਾਂ ਵੱਲੋਂ ਆਪਣੀਆਂ ਗੱਡੀਆਂ ਉਪਰ ਲਾਲ ਤਖਤੀਆਂ ਨਾਲ ਕੁਝ ਨਾ ਕੁਝ ਜ਼ਰੂਰ ਲਿਖਿਆ ਹੁੰਦਾ ਹੈ ਜੋ ਅੱਜ ਵੀ ਜਾਰੀ ਹੈ ਪਰ ਪੰਜਾਬ ਦੀ ਨਵੀਂ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਦੇ ਨਾਲ-ਨਾਲ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਖ ਫੈਸਲੇ ਬੜੇ ਸ਼ਲਾਘਾ ਯੋਗ ਸਾਬਤ ਹੋਣ ਜਾ ਰਹੇ ਹਨ, ਜਿਸ ਤੋਂ ਪੰਜਾਬ ਵਾਸੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ।
ਇਸ ਸੰਬੰਧੀ ਸੀਨੀਅਰ ਨੇਤਾ ਵਿਜੇ ਪਾਲ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਾਲ ਬੱਤੀ ਦੀ ਵਰਤੋਂ ਨੂੰ ਤਿਆਗਣਾ, ਨਸ਼ਿਆਂ ਨੂੰ ਪਹਿਲ ਦੇ ਆਧਾਰ 'ਤੇ ਖਤਮ ਕਰਨਾ, ਕਿਸਾਨਾਂ ਦੀ ਜ਼ਮੀਨ ਨੂੰ ਨਿਲਾਮ ਨਾ ਕਰਨਾ, ਵੀ. ਆਈ. ਪੀ. ਕਲਚਰ ਨੂੰ ਖਤਮ ਕਰਨਾ ਬਹੁਤ ਵਧੀਆ ਤੇ ਸ਼ਲਾਘਾ ਯੋਗ ਫੈਸਲੇ ਹਨ । ਉਨ੍ਹਾਂ ਕਿਹਾ ਕੀ ਫਾਈਨੈਂਸ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਕਿਓਰਟੀ ਲੈਣ ਤੋਂ ਵੀ ਇਨਕਾਰ ਕਰਨਾ ਵੀ ਸ਼ਲਾਘਾਯੋਗ ਫੈਸਲਾ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਤਰੱਕੀ ਦੀ ਰਾਹ 'ਤੇ ਚੱਲਣਾ ਸ਼ੁਰੂ ਹੋ ਗਿਆ ਹੈ ।
ਵੀ. ਆਈ. ਪੀ. ਕਲਚਰ ਤਹਿਤ ਕਿਸੇ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਨੂੰਨ ਵਿਵਸਥਾ ਨੂੰ ਲਾਗੂ ਕੀਤਾ ਜਾਵੇਗਾ।
- ਐੱਸ. ਐੱਸ. ਪੀ. ਹਰਜੀਤ ਸਿੰਘ।
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
NEXT STORY