ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)— ਪਹਿਲਾਂ ਆਸਮਾਨ ਨੂੰ ਛੂਹ ਰਹੀਆਂ ਟਮਾਟਰਾਂ ਦੀਆਂ ਕੀਮਤਾਂ ਨੇ ਤੜਕੇ ਦਾ ਜ਼ਾਇਕਾ ਖ਼ਰਾਬ ਕਰੀ ਰੱਖਿਆ ਅਤੇ ਹੁਣ ਟਮਾਟਰਾਂ ਦੀ ਬਰਾਬਰੀ ਕਰਦਿਆਂ ਪਿਆਜ਼ ਦੀਆਂ ਕੀਮਤਾਂ ਨੂੰ ਲੱਗੀ ਅੱਗ ਨੇ ਤੜਕੇ ਅਤੇ ਸਲਾਦ ਦਾ ਸੁਆਦ ਬੇਸੁਆਦਾ ਕਰ ਦਿੱਤਾ ਹੈ। 50 ਰੁਪਏ ਪ੍ਰਤੀ ਕਿਲੋ ਵਿਕ ਰਹੇ ਪਿਆਜ਼ ਤੇ ਟਮਾਟਰਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਅੱਜ ਪਿਆਜ਼ ਨੂੰ ਕੱਟਣ ਸਮੇਂ ਭਾਵੇਂ ਅੱਖਾਂ 'ਚੋਂ ਹੰਝੂ ਨਾ ਆਉਣ ਪਰ ਭਾਅ ਸੁਣ ਕੇ ਹੰਝੂ ਜ਼ਰੂਰ ਆ ਰਹੇ ਹਨ। ਪਹਿਲਾਂ ਤਾਂ ਸਿਰਫ ਟਮਾਟਰ ਹੀ 50 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ ਪਰ ਹੁਣ ਪਿਆਜ਼ਾਂ ਦੀਆਂ ਕੀਮਤਾਂ ਵੀ ਆਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ 'ਚ ਜੇਕਰ ਇੰਝ ਹੀ ਵਾਧਾ ਹੁੰਦਾ ਗਿਆ ਤਾਂ ਇਹ ਅਮੀਰਾਂ ਦੀ ਰਸੋਈ 'ਚ ਵਰਤਣ ਜੋਗਾ ਹੀ ਰਹਿ ਜਾਵੇਗਾ। ਅਜੇ ਹੋਰ ਰੁਆਏਗਾ ਪਿਆਜ਼ : ਦੀਵਾਲੀ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ 'ਚ ਤਿੰਨ ਗੁਣਾ ਵਾਧਾ ਹੋਇਆ ਹੈ ਜਦੋਂਕਿ ਪਹਿਲਾਂ ਪਿਆਜ਼ ਦੀਆਂ ਕੀਮਤਾਂ ਸਥਿਰ ਹੋਣ ਦੀ ਸੰਭਾਵਨਾ ਸੀ ਪਰ ਅਮਰਵੇਲ ਵਾਂਗ ਇਸ ਦੀਆਂ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ। ਸਸਤੇ ਹੋਣ ਦੀ ਬਜਾਏ ਦਿਨੋ-ਦਿਨ ਮਹਿੰਗੇ ਹੁੰਦੇ ਜਾ ਰਹੇ ਪਿਆਜ਼ ਬਾਰੇ ਸੰਭਾਵਨਾ ਹੈ ਕਿ ਇਹ ਇਸ ਤੋਂ ਵੀ ਜ਼ਿਆਦਾ ਆਮ ਲੋਕਾਂ ਨੂੰ ਰੁਆਏਗਾ ਕਿਉਂਕਿ ਅੱਗਿਓਂ ਪਿਆਜ਼ ਦੀਆਂ ਕੀਮਤਾਂ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਦੁਕਾਨਦਾਰ ਵੀ ਨੇ ਪ੍ਰੇਸ਼ਾਨ : ਸਬਜ਼ੀ ਮੰਡੀ 'ਚ ਪਿਆਜ਼ ਤੇ ਟਮਾਟਰ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਨ੍ਹਾਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਉਹ ਵੀ ਪ੍ਰੇਸ਼ਾਨ ਹਨ ਕਿਉਂਕਿ ਗਾਹਕ ਕੀਮਤਾਂ ਵਧਣ ਕਾਰਨ ਘੱਟ ਮਾਤਰਾ 'ਚ ਪਿਆਜ਼ ਅਤੇ ਟਮਾਟਰ ਖਰੀਦ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਟ ਵਿਕਰੀ ਹੋਣ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼, ਨਾਸਿਕ ਤੇ ਰਾਜਸਥਾਨ ਤੋਂ ਪਿਆਜ਼ ਅਤੇ ਹਿਮਾਚਲ ਤੇ ਮਹਾਰਾਸ਼ਟਰ 'ਚੋਂ ਟਮਾਟਰ ਦੀ ਸਪਲਾਈ ਇਸ ਵਾਰ ਘੱਟ ਆ ਰਹੀ ਹੈ।
ਔਰਤਾਂ 'ਚ ਰੋਸ : ਟਮਾਟਰਾਂ ਤੋਂ ਬਾਅਦ ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਔਰਤਾਂ 'ਚ ਰੋਸ ਪਾਇਆ ਜਾ ਰਿਹਾ ਹੈ। ਮੈਡਮ ਜੀਤ ਮਾਨ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ 15 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਪਿਆਜ਼ ਅੱਜ 3 ਗੁਣਾ ਮਹਿੰਗਾ 50 ਰੁ. ਪ੍ਰਤੀ ਕਿਲੋ ਮਿਲ ਰਿਹਾ ਹੈ। ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਬਲਜੀਤ ਕੌਰ ਪੇਧਨੀ ਦਾ ਕਹਿਣਾ ਹੈ ਕਿ ਪਿਆਜ਼ ਤੇ ਟਮਾਟਰ ਬਿਨਾਂ ਦਾਲਾਂ ਤੇ ਸਬਜ਼ੀਆਂ ਦਾ ਜ਼ਾਇਕਾ ਨਹੀਂ ਬਣਦਾ ਪਰ ਇਸ ਦੀਆਂ ਵਧੀਆਂ ਕੀਮਤਾਂ ਕਾਰਨ ਰਸੋਈ ਦੇ ਬਜਟ 'ਤੇ ਅਸਰ ਪੈਂਦਾ ਹੈ। ਇਸ ਦੀਆਂ ਕੀਮਤਾਂ ਆਮ ਆਦਮੀ ਦੀ ਜੇਬ ਅਨੁਸਾਰ ਹੋਣੀਆਂ ਚਾਹੀਦੀਆਂ ਹਨ।
ਬਿਨਾਂ ਟੈਸਟ ਕਰਵਾਏ ਹੋ ਰਹੀ ਹੈ ਮੀਟ ਦੀ ਵਿਕਰੀ
NEXT STORY