ਸੰਗਰੂਰ, (ਬਾਵਾ)— ਵਿਜੀਲੈਂਸ ਵਿਭਾਗ ਮੁਹਾਲੀ ਦੀ ਟੀਮ ਨੇ ਸੰਗਰੂਰ ਵਿਚ ਛਾਪੇਮਾਰੀ ਕਰ ਕੇ ਮਿੱਤਲ ਟਰੇਡਰਜ਼ ਫਰਮ ਦੇ 2 ਮਾਲਕਾਂ ਨੂੰ ਮੁਹਾਲੀ ਦੇ ਇਕ ਪਿੰਡ ਵਿਚ ਕੀਤੇ ਫਰਾਡ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਟੀਮ ਮੁਹਾਲੀ ਦੀ ਅਗਵਾਈ ਕਰ ਰਹੇ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਇਕ ਸ਼ਿਕਾਇਤ ਭੇਜੀ ਗਈ ਸੀ ਕਿ ਮੁਹਾਲੀ ਏਅਰਪੋਰਟ ਨਾਲ ਲੱਗਦੇ ਗ੍ਰਾਮ ਪੰਚਾਇਤ ਪਿੰਡ ਝਿਉਰਹੇੜੀ ਵਿਚ ਮਿੱਤਲ ਟਰੇਡਰਜ਼ ਵੱਲੋਂ 82 ਲੱਖ ਰੁਪਏ ਦੀ ਕੀਮਤ ਦੇ 2474 ਸੀਮੈਂਟਡ ਬੈਂਚ ਸਪਲਾਈ ਕਰਨ ਦਾ ਆਰਡਰ ਸੀ, ਜੋ ਕਿ ਉਨ੍ਹਾਂ ਸਪਲਾਈ ਨਹੀਂ ਕੀਤੇ।
ਪੜਤਾਲ ਦੌਰਾਨ ਪਾਇਆ ਗਿਆ ਕਿ ਮਿੱਤਲ ਟਰੇਡਰਜ਼ ਸੰਗਰੂਰ ਵੱਲੋਂ ਗ੍ਰਾਮ ਪੰਚਾਇਤ ਨਾਲ ਮਿਲੀਭੁਗਤ ਕਰ ਕੇ ਸਿਰਫ ਬਿੱਲ ਹੀ ਦਿੱਤਾ ਗਿਆ ਅਤੇ ਪੈਸੇ ਦੀ ਅਦਾਇਗੀ ਕਰਵਾ ਲਈ ਗਈ, ਜਿਸ ਤਹਿਤ ਵਿਜੀਲੈਂਸ ਵਿਭਾਗ ਵੱਲੋਂ 2 ਫਰਵਰੀ 2018 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਉਕਤ ਮੁਕੱਦਮੇ ਤਹਿਤ ਅੱਜ ਸੰਗਰੂਰ ਤੋਂ ਮਿੱਤਲ ਟਰੇਡਰਜ਼ ਨਾਭਾ ਗੇਟ ਸੰਗਰੂਰ ਮਾਲਕ ਸੁਰਿੰਦਰਪਾਲ ਮਿੱਤਲ ਅਤੇ ਵਨੀਤ ਮਿੱਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਪਿੰਡ ਝਿਉਰਹੇੜੀ ਦੀ ਜ਼ਮੀਨ ਏਅਰਪੋਰਟ ਲਈ ਸਰਕਾਰ ਨੂੰ ਲੋੜੀਂਦੀ ਸੀ ਅਤੇ ਜੋ ਗ੍ਰਾਮ ਪੰਚਾਇਤ ਤੋਂ ਖਰੀਦੀ ਗਈ ਸੀ। ਗ੍ਰਾਮ ਪੰਚਾਇਤ ਨੂੰ ਜ਼ਮੀਨ ਵੇਚਣ ਦੀ ਇਵਜ਼ 'ਚ 54 ਕਰੋੜ ਰੁਪਏ ਏਅਰਪੋਰਟ ਅਥਾਰਟੀ ਵੱਲੋਂ ਪ੍ਰਾਪਤ ਹੋਏ ਸਨ। ਵਿਜੀਲੈਂਸ ਇੰਸਪੈਕਟਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਪੈਸਿਆਂ ਦੀ ਦੁਰਵਰਤੋਂ ਕਰਦਿਆਂ ਦੋ ਥਾਵਾਂ 'ਤੇ ਪਿੰਡ ਲਈ ਜ਼ਮੀਨ ਦੀ ਖਰੀਦ ਲਈ ਅਤੇ 82 ਲੱਖ ਰੁਪਏ ਦੇ ਪਿੰਡ ਵਿਚ 2474 ਬੈਂਚ ਬੈਠਣ ਲਈ ਖਰੀਦ ਕੇ ਬਿੱਲਾਂ ਦੀ ਅਦਾਇਗੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ 'ਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੜਤਾਲ ਕਰਨ ਉਪਰੰਤ ਮਾਮਲਾ ਵਿਜੀਲੈਂਸ ਵਿਭਾਗ ਦੇ ਹਵਾਲੇ ਕਰ ਕੇ ਮਾਮਲੇ ਦੀ ਪੜਤਾਲ ਕਰਨ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਸੀ। ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਪੈਸਿਆਂ ਦੀ ਦੁਰਵਰਤੋਂ ਸਬੰਧੀ ਬਰੀਕੀ ਨਾਲ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਗ੍ਰਾਮ ਪੰਚਾਇਤ ਨੇ ਸਿਰਫ ਬਿੱਲਾਂ ਦੇ ਸਹਾਰੇ ਵਿਚ 82 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਜਦੋਂ ਕਿ ਮਿੱਤਲ ਟਰੇਡਰਜ਼ ਵੱਲੋਂ ਗ੍ਰਾਮ ਪੰਚਾਇਤ ਨੂੰ ਕੋਈ ਵੀ ਬੈਂਚ ਸਪਲਾਈ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਕਈ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 'ਚ ਪਿੰਡ ਦੇ ਸਰਪੰਚ ਸਣੇ 2 ਬੀ. ਡੀ. ਪੀ. ਓ., ਡੀ. ਡੀ. ਪੀ. ਓ., ਪੰਚਾਇਤ ਸਕੱਤਰ, ਤਿੰਨ ਜ਼ਮੀਨ ਵੇਚਣ ਵਾਲਿਆਂ ਸਮੇਤ ਕਈ ਦਲਾਲਾਂ ਦੇ ਨਾਂ ਸ਼ਾਮਲ ਹਨ।
ਸਿੱਖ ਜਥੇਬੰਦੀਆਂ ਫੂਕਿਆ ਫਿਲਮ 'ਨਾਨਕ ਸ਼ਾਹ ਫਕੀਰ' ਦੇ ਨਿਰਮਾਤਾ ਦਾ ਪੁਤਲਾ
NEXT STORY