ਚੰਡੀਗੜ੍ਹ/ਪਟਿਆਲਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਥਾਣਾ ਭਾਦਸੋਂ, ਜ਼ਿਲ੍ਹਾ ਪਟਿਆਲਾ ਵਿਖੇ ਐੱਸ. ਐੱਚ. ਓ. ਵਜੋਂ ਤਾਇਨਾਤ ਸਬ-ਇੰਸਪੈਕਟਰ (ਐੱਸ. ਆਈ.) ਇੰਦਰਜੀਤ ਸਿੰਘ ਅਤੇ ਉਸਦੇ ਸਾਥੀ ਸਹਾਇਕ ਸਬ-ਇੰਸਪੈਕਟਰ (ਏ. ਐੱਸ.ਆਈ.) ਅਮਰਜੀਤ ਸਿੰਘ ਖ਼ਿਲਾਫ਼ 50,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸ਼ਿਕਾਇਤਕਰਤਾ ਹਰਮਨ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਉਕਤ ਦੋਹਾਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਥਾਣਾ ਭਾਦਸੋਂ ਵਿਖੇ ਉਸਦੇ ਅਤੇ ਹੋਰਨਾਂ ਖਿਲਾਫ਼ ਮੁਕੱਦਮਾ ਦਰਜ ਸੀ ਅਤੇ ਇਸ ਕੇਸ ਵਿੱਚ ਉਕਤ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੇ ਦੋਸ਼ੀਆਂ ਦੀ ਮਦਦ ਕਰਨ ਬਦਲੇ ਪਹਿਲਾਂ ਹੀ ਉਨ੍ਹਾਂ ਤੋਂ ਰਿਸ਼ਵਤ ਵਜੋਂ 50,000 ਲੈ ਲਏ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਉਪਰੰਤ ਹੁਣ ਦੋਵੇਂ ਪੁਲਸ ਅਧਿਕਾਰੀ ਉਕਤ ਐੱਫ. ਆਈ. ਆਰ. ਨੂੰ ਰੱਦ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 35000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਹੇ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਉਕਤ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਅਤੇ 35000 ਰੁਪਏ ਹੋਰ ਮੰਗਣ ਅਤੇ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਂਚ ਦੇ ਆਧਾਰ 'ਤੇ ਉਕਤ ਐੱਸ. ਐੱਚ. ਓ. ਅਤੇ ਏ. ਐੱਸ.ਆਈ. ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਹੋਣਗੀਆਂ!
NEXT STORY