ਮੋਹਾਲੀ : ਜਿੱਥੇ ਪੂਰੇ ਦੇਸ਼ 'ਚ 7 ਨਵੰਬਰ ਨੂੰ ਦੀਵਾਲੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਮੋਹਾਲੀ ਸ਼ਹਿਰ ਦਾ ਪਿੰਡ ਚਿੱਲਾ 7 ਨਵੰਬਰ ਨੂੰ ਦੀਵਾਲੀ ਨਾ ਮਨਾ ਕੇ ਅਗਲੇ ਦਿਨ ਮਤਲਬ ਕਿ 'ਵਿਸ਼ਵਕਰਮਾ ਡੇਅ' ਵਾਲੇ ਦਿਨ ਦੀਵਾਲੀ ਮਨਾਵੇਗਾ। ਪਿੰਡ ਵਾਸੀ ਸਦੀਆਂ ਤੋਂ ਦੀਵਾਲੀ ਤੋਂ ਅਗਲੇ ਦਿਨ ਦੀਵਾਲੀ ਮਨਾਉਂਦੇ ਆ ਰਹੇ ਹਨ। ਪਿੰਡ ਦੀ ਗੁਰਦੁਆਰਾ ਕਮੇਟੀ ਵਲੋਂ ਇਸ ਵਾਰ ਦੀਵਾਲੀ ਮੌਕੇ ਬੱਚਿਆਂ ਦੀਆਂ ਖੇਡਾਂ, ਧਾਰਮਿਕ ਸਮਾਰੋਹ ਅਤੇ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ।
ਪਿੰਡ ਚਿੱਲਾ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਚਿੱਲਾ ਪਿੰਡ ਦੀ ਦੀਵਾਲੀ ਤੋਂ ਅਗਲੇ ਦਿਨ ਦੀਵਾਲੀ ਮਨਾਉਣ ਦੀ ਅਨੋਖੀ ਪਿਰਤ ਸਦੀਆਂ ਪੁਰਾਣੀ ਹੈ। ਇਸ ਦੇ ਕਾਰਨਾਂ ਬਾਰੇ ਭਾਵੇਂ ਪਿੰਡ ਵਾਸੀ ਇਕ ਮੱਤ ਨਹੀਂ ਹਨ ਪਰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਿਹੜੀ ਜਾਣਕਾਰੀ ਦਾ ਸੰਚਾਰ ਹੁੰਦਾ ਹੈ, ਉਸ ਤਹਿਤ ਬਹੁਤ ਸਮਾਂ ਪਹਿਲਾਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕੋ ਥਾਂ 'ਤੇ ਖੜ੍ਹਿਆ ਕਰਦੇ ਸਨ। ਦੀਵਾਲੀ ਵਾਲੀ ਰਾਤ ਜਦੋਂ ਪਿੰਡ ਵਾਸੀ ਦੀਵਾਲੀ ਦਾ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਮੱਝਾਂ ਤੇ ਹੋਰ ਪਸ਼ੂਆਂ ਦਾ ਸਮੁੱਚਾ ਵੱਗ ਆਪ-ਮੁਹਾਰੇ ਕਿੱਧਰੇ ਨਿਕਲ ਤੁਰਿਆ। ਪਤਾ ਲੱਗਣ 'ਤੇ ਪਿੰਡ ਦੇ ਸਾਰੇ ਮਰਦ ਇਨ੍ਹਾਂ ਪਸ਼ੂਆਂ ਦੀ ਭਾਲ ਲਈ ਚਲੇ ਗਏ। ਮਰਦਾਂ ਦੀ ਗੈਰ-ਹਾਜ਼ਰੀ 'ਚ ਘਰਾਂ 'ਚ ਰਹਿ ਗਈਆਂ ਔਰਤਾਂ ਨੇ ਇਕੱਲਿਆਂ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਹੀਂ ਸਮਝਿਆ। ਦੇਰ ਰਾਤੀਂ ਪਿੰਡ ਵਾਸੀ ਪਸ਼ੂਆਂ ਨੂੰ ਵਾਪਸ ਲਿਆਏ ਤਾਂ ਉਸ ਸਮੇਂ ਪਹਿਰ ਰਾਤ ਗੁਜ਼ਰ ਆਈ ਸੀ।
ਪਿੰਡ ਵਾਸੀਆਂ ਨੇ ਪਸ਼ੂਆਂ ਦੇ ਆਪ-ਮੁਹਾਰੇ ਚਲੇ ਜਾਣ ਨੂੰ ਅਸ਼ੁੱਭ ਮੰਨਿਦਆਂ ਉਸ ਦਿਨ ਦੀਵਾਲੀ ਦਾ ਮੱਥਾ ਟੇਕਣ ਦੀ ਥਾਂ ਦੂਜੇ ਦਿਨ ਦੀਵਾਲੀ ਮਨਾਉਣ ਦਾ ਫੈਸਲਾ ਕਰ ਲਿਆ। ਸਦੀਆਂ ਪੁਰਾਣੀ ਇਸ ਘਟਨਾ ਤੋਂ ਲੈ ਕੇ ਅੱਜ ਤੱਕ ਪਿੰਡ ਚਿੱਲਾ ਦੇ ਸਮੁੱਚੇ ਵਸਨੀਕ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਉਂਦੇ ਆ ਰਹੇ ਹਨ। ਨਵੀਂ ਪੀੜ੍ਹੀ ਵੀ ਆਪਣੇ ਪੁਰਖਿਆਂ ਦੀ ਰਵਾਇਤ ਛੱਡਣ ਦੇ ਰੋਅ 'ਚ ਨਹੀਂ ਹੈ। ਦੀਵਾਲੀ ਵਾਲੀ ਰਾਤ ਨੂੰ ਪਿੰਡ ਦੇ ਬਹੁਤੇ ਵਸਨੀਕ ਰਿਸ਼ਤੇਦਾਰਾਂ ਦੇ ਘਰ ਦੀਵਾਲੀ ਮਨਾਉਣ ਚਲੇ ਜਾਂਦੇ ਹਨ ਤੇ ਚਿੱਲਾ ਦੀ ਦੀਵਾਲੀ ਵਾਲੇ ਦਿਨ ਪਿੰਡ 'ਚ ਮੇਲੇ ਵਾਰਗਾ ਮੌਹਾਲ ਬਣਿਆ ਹੁੰਦਾ ਹੈ।
ਇਤਿਹਾਸਕ ਪੁਸਤਕਾਂ ਦਾ ਝੂਠਾ ਮਾਮਲਾ ਚੁੱਕ ਰਹੇ ਨੇ ਸੁਖਬੀਰ: ਅਮਰਿੰਦਰ
NEXT STORY