ਟਾਂਡਾ ਉੜਮੁੜ (ਵਰਿੰਦਰ) : ਬਲਾਕ ਟਾਂਡਾ ਦੇ ਪਿੰਡ ਡੁਮਾਣਾ 'ਚ ਲੁਟੇਰਿਆਂ ਵਲੋਂ ਬੀਤੀ ਅੱਧੀ ਰਾਤ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਪੂਰੇ ਟੱਬਰ ਨੂੰ ਇਕ ਕਮਰੇ 'ਚ ਡੱਕ ਕੇ ਤਸੱਲੀ ਨਾਲ ਘਰ ਲੁੱਟਿਆ ਅਤੇ ਪਰਿਵਾਰ ਦੇ ਮੁਖੀ ਨੂੰ ਵੀ ਜ਼ਖਮੀਂ ਕਰ ਗਏ। ਜਾਣਕਾਰੀ ਮੁਤਾਬਕ ਵਾਰਦਾਤ ਰਾਤ ਦੇ ਕਰੀਬ 2.30 ਵਜੇ ਦੀ ਹੈ, ਜਦੋਂ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ। ਲੁਟੇਰੇ ਛੱਤ ਦੀ ਮਾਊਂਟੀ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਕਮਰੇ 'ਚ ਸੁੱਤੇ ਪਏ ਘਰ ਦੇ ਮੁਖੀ ਮੁਖਤਿਆਰ ਸਿੰਘ ਪੁੱਤਰ ਤੇਜਾ ਸਿੰਘ ਦੇ ਸਿਰ ਤੇ ਲੱਤਾਂ 'ਤੇ ਗੰਡਾਸੀ ਦਾ ਵਾਰ ਕਰਕੇ ਜਖ਼ਮੀ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੂਜੇ ਕਮਰੇ 'ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਪਤਨੀ ਸੁਰਿੰਦਰ ਕੌਰ , ਨੂੰਹ ਬਲਜਿੰਦਰ ਕੌਰ ਅਤੇ ਪੋਤਰਾ ਸਿਮਰਜੀਤ ਸਿੰਘ ਕੋਲ ਲੈ ਗਏ।

ਉਨ੍ਹਾਂ ਸਾਰਿਆਂ ਨੂੰ ਉਸੇ ਕਮਰੇ 'ਚ ਡੱਕ ਕੇ ਲੁਟੇਰੇ ਘਰ 'ਚੋਂ ਤਸੱਲੀ ਨਾਲ ਫਰੋਲਾ-ਫ਼ਰਾਲੀ ਕਰਕੇ ਲਗਭਗ 8 ਤੋਲੇ ਸੋਨੇ ਦੇ ਗਹਿਣੇ ,90 ਹਜ਼ਾਰ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਕਮਰੇ 'ਚ ਡੱਕੇ ਪਰਵਾਰ ਦੇ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਸਵੇਰੇ ਬਾਹਰ ਕੱਢਿਆ ਅਤੇ ਜ਼ਖਮੀਂ ਮੁਖਤਿਆਰ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ 'ਚ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਡੀ. ਐਸ. ਪੀ. ਰਜਿੰਦਰ ਸ਼ਰਮਾ ਅਤੇ ਥਾਣਾ ਮੁਖੀ ਪ੍ਰਦੀਪ ਸਿੰਘ ਨੂੰ ਵਾਰਦਾਤ ਬਾਰੇ ਦੱਸਦੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਤਿੰਨੋਂ ਲੁਟੇਰੇ ਕਲੀਨ ਸ਼ੇਵ ਸਨ ਅਤੇ ਉਨ੍ਹਾਂ ਮੂੰਹ ਬੰਨੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਉਨ੍ਹਾਂ ਦੇ ਬੇਟਿਆਂ ਦੇ ਵਿਦੇਸ਼ 'ਚ ਹੋਣ ਬਾਰੇ ਜਾਣਕਾਰੀ ਸੀ, ਇਸੇ ਕਰਕੇ ਉਹ ਵਾਰ-ਵਾਰ ਉਨ੍ਹਾਂ ਤੋਂ ਵਿਦੇਸ਼ੀ ਕਰੰਸੀ ਮੰਗ ਰਹੇ ਸਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ 'ਚ ਲਗਾਤਾਰ ਹੋ ਰਹੀ ਬਾਰਸ਼, ਗਰਮੀ ਤੋਂ ਮਿਲੀ ਰਾਹਤ
NEXT STORY