ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਅੱਜ ਸਵੇਰੇ 7 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਡੇਰਾ ਬਾਬਾ ਲਾਲ ਸਿੰਘ ਬੇਦੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਜਲੀ ਦੀਆਂ ਤਾਰ੍ਹਾਂ ਨਾਲ ਹੋਏ ਸ਼ਾਰਟ ਸਰਕਟ ਕਾਰਨ ਅਗਨ ਭੇਂਟ ਹੋ ਗਏ ਅਤੇ ਨਾਲ ਹੀ 12 ਗੁਟਕਾ ਸਾਹਿਬ ਵੀ ਅਗਨ ਭੇਂਟ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਡੇਰਾ ਬਾਬਾ ਲਾਲ ਸਿੰਘ ਬੇਦੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਗ੍ਰੰਥੀ ਸਿੰਘ ਨਿੱਤਨੇਮ ਕਰਨ ਉਪਰੰਤ ਆਪਣੇ ਘਰ ਚਲੇ ਗਏ ਤਾਂ ਬਾਅਦ ਵਿਚ ਅਚਾਨਕ ਹੀ ਬਿਜਲੀ ਦੀਆਂ ਤਾਰ੍ਹਾਂ ਸ਼ਾਰਟ ਹੋ ਗਈਆਂ, ਜਿਸ ਨਾਲ ਉੱਥੇ ਅੱਗ ਲੱਗ ਗਈ।
ਇਸ ਅੱਗ ਲੱਗਣ ਦਾ 8.30 ਵਜੇ ਉਦੋਂ ਪਤਾ ਲੱਗਾ, ਜਦੋਂ ਡੇਰੇ ਦੀਆਂ ਖਿੜਕੀਆਂ ਰਾਹੀਂ ਧੂੰਆਂ ਬਾਹਰ ਆਉਣ ਲੱਗਾ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਨੇ ਪਿਛਲੇ ਦਰਵਾਜੇ ਨੂੰ ਤੋੜ ਕੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸਰੂਪ ਅਗਨ ਭੇਂਟ ਹੋ ਗਿਆ ਅਤੇ ਇਸ ਦੇ ਨਾਲ ਹੀ 9 ਸੁਖਮਨੀ ਸਾਹਿਬ ਅਤੇ 3 ਨਿੱਤਨੇਮ ਦੀਆਂ ਬਾਣੀਆਂ ਵਾਲੇ ਗੁਟਕਾ ਸਾਹਿਬ ਵੀ ਅਗਨ ਭੇਂਟ ਹੋ ਗਏ ਸਨ। ਘਟਨਾ ਦੀ ਸੂਚਨਾ ਤੁਰੰਤ ਪਿੰਡ ਦੇ ਪਤਵੰਤਿਆਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਵਿਖੇ ਦਿੱਤੀ ਗਈ, ਜਿੱਥੋਂ ਤੁਰੰਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਹੋਰਨਾਂ ਸੇਵਾਦਾਰਾਂ ਨੂੰ ਨਾਲ ਲੈ ਕੇ ਡੇਰੇ ਪਹੁੰਚ ਗਏ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਪਵਾਤ ਦੇ ਪਤੀ ਹਰਜਤਿੰਦਰ ਸਿੰਘ ਬਾਜਵਾ ਅਤੇ ਪਰਮਜੀਤ ਸਿੰਘ ਢਿੱਲੋਂ ਵੀ ਮੌਕੇ ’ਤੇ ਪਹੁੰਚੇ, ਜਦੋਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ, ਜਿਨ੍ਹਾਂ ਵਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਅਗਨ ਭੇਂਟ ਹੋਏ ਸਰੂਪਾਂ ਲਈ ਬੱਸ ਭੇਜੀ ਗਈ। ਨਗਰ ਨਿਵਾਸੀਆਂ ਵੱਲੋਂ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਅਗਨ ਭੇਂਟ ਹੋਏ ਸਰੂਪ ਤੇ ਗੁਟਕਾ ਸਾਹਿਬ ਤੋਂ ਇਲਾਵਾ ਹੋਰ ਵਸਤਰ ਜੋ ਅੱਗ ਨਾਲ ਨੁਕਸਾਨੇ ਗਏ ਸਨ, ਨੂੰ ਇਕੱਠੇ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਸਸਕਾਰ ਲਈ ਭੇਜ ਦਿੱਤਾ ਗਿਆ। ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਨਗਰ ਨਿਵਾਸੀਆਂ ਵੱਲੋਂ ਪਛਚਾਤਾਪ ਲਈ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਜਾਣਗੇ ਅਤੇ ਐਤਵਾਰ ਨੂੰ ਭੋਗ ਪਾਇਆ ਜਾਵੇਗਾ। ਇਸ ਤੋਂ ਇਲਾਵਾ ਮਾਛੀਵਾੜਾ ਪੁਲਸ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੀ।
ਸਰਚ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚੋਂ ਬਰਾਮਦ ਹੋਏ ਮੋਬਾਈਲ ਫੋਨ, ਹੈੱਡਫੋਨ ਅਤੇ ਸਿਮ ਕਾਰਡ
NEXT STORY