ਸਮਰਾਲਾ (ਗਰਗ, ਬੰਗੜ) : ਸਮਰਾਲਾ ਤਹਿਸੀਲ ਦੇ ਪਿੰਡ ਮੁਸ਼ਕਾਬਾਦ 'ਚ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦਾ ਮਾਮਲਾ ਕਰੀਬ 2 ਸਾਲਾਂ ਤੋਂ ਸੁਰਖੀਆਂ 'ਚ ਹੈ। ਇਸ ਸਬੰਧੀ ਕਈ ਵਾਰ ਧਰਨੇ ਅਤੇ ਮੁਜ਼ਾਹਰੇ ਵੀ ਹੋ ਚੁੱਕੇ ਹਨ। ਅੱਜ ਤਿੰਨ ਪਿੰਡਾਂ ਮੁਸ਼ਕਾਬਾਦ, ਟਪਾਰੀਆ ਅਤੇ ਖੀਰਨੀਆਂ ਦੇ ਵਾਸੀਆਂ ਨੇ 'ਸਾਡਾ ਪਿੰਡ ਵਿਕਾਊ ਹੈ' ਵਾਲਾ ਪੋਸਟਰ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ। ਇੰਨਾ ਹੀ ਨਹੀਂ ਕਈ ਪਿੰਡ ਵਾਸੀਆਂ ਨੇ 'ਸਾਡਾ ਪਿੰਡ ਵਿਕਾਊ ਹੈ' ਅਤੇ ਘਰਾਂ ਦੇ ਬਾਹਰ ਸਾਡੇ ਘਰ 'ਵਿਕਾਊ ਹਨ' ਦਾ ਪੋਸਟਰ ਵੀ ਲਗਾਇਆ ਗਿਆ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਸੈਂਕੜੇ ਪੋਸਟਰ ਛਪਾਈ ਲਈ ਭੇਜੇ ਗਏ ਹਨ ਤਾਂ ਜੋ ਤਿੰਨਾਂ ਪਿੰਡਾਂ ਦੇ ਹਰ ਘਰ ਦੇ ਬਾਹਰ ਪੋਸਟਰ ਲਗਾਏ ਜਾ ਸਕਣ।
ਇਸ ਸਬੰਧੀ ਜਦੋਂ ਪਿੰਡ ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਕਰੀਬ 2 ਸਾਲਾਂ ਤੋਂ ਸਾਡੇ ਪਿੰਡ ਵਿੱਚ ਬਾਇਓ ਗੈਸ ਫੈਕਟਰੀ ਲਾਉਣ ਦਾ ਵਿਰੋਧ ਕਰ ਰਹੀ ਹੈ ਪਰ ਕਈ ਵਾਰ ਪ੍ਰਸ਼ਾਸਨ ਵੱਲੋਂ ਸਾਨੂੰ ਝੂਠਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਇਹ ਫੈਕਟਰੀ ਨਹੀਂ ਲੱਗੇਗੀ ਪਰ ਫਿਰ ਵੀ ਫੈਕਟਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕੁੱਝ ਦਿਨ ਪਹਿਲਾਂ ਅਸੀਂ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਇਕੱਠਾ ਕਰਕੇ ਮੀਟਿੰਗ ਕੀਤੀ ਸੀ ਅਤੇ ਫ਼ੈਸਲਾ ਕੀਤਾ ਸੀ ਕਿ ਅਸੀਂ ਇਸ ਫੈਕਟਰੀ ਨੂੰ ਨਹੀਂ ਲੱਗਣ ਦੇਵਾਂਗੇ ਅਤੇ ਅੱਜ ਅਸੀਂ ਸੋਸ਼ਲ ਮੀਡੀਆ 'ਤੇ ਪੋਸਟਰ ਪਾ ਦਿੱਤੇ ਹਨ ਕਿ ਸਾਡੇ ਪਿੰਡ ਵਿਕਣ ਲਈ ਤਿਆਰ ਹਨ ਅਤੇ ਜਲਦੀ ਹੀ ਇਹ ਪੋਸਟਰ ਤਿੰਨ ਪਿੰਡਾਂ ਮੁਸ਼ਕਾਬਾਦ, ਖੀਰਨੀਆ ਅਤੇ ਟੱਪਰੀਆਂ ਦੇ ਹਰ ਘਰ ਦੇ ਦਰਵਾਜ਼ੇ 'ਤੇ ਲਗਾਏ ਜਾਣਗੇ।
ਪੋਸਟਰ ਲਗਾਉਣ ਦਾ ਕੀ ਕਾਰਨ ਹੈ
ਲਵਲੀ ਸਰਪੰਚ ਨੇ ਕਿਹਾ ਕਿ ਇਹ ਪੋਸਟਰ ਲਗਾਉਣ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਜੇਕਰ ਸਾਡੇ ਪਿੰਡ ਵਿੱਚ ਬਾਇਓਗੈਸ ਫੈਕਟਰੀ ਕੰਮ ਕਰਨ ਲੱਗਦੀ ਹੈ ਤਾਂ ਸਾਡੇ ਪਿੰਡ ਮੁਸ਼ਕਾਬਾਦ ਅਤੇ ਸਾਡੇ ਨਾਲ ਲੱਗਦੇ ਦੋ ਪਿੰਡ ਟਪਾਰੀਆ ਅਤੇ ਖੀਰਨੀਆਂ ਜੋ ਅੱਜ ਗਰੀਨ ਬੈਲਟ ਵਜੋਂ ਮਸ਼ਹੂਰ ਹਨ, ਉਨ੍ਹਾਂ ਦੀ ਹਵਾ ਅਤੇ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਫਿਰ ਇਹ ਸ਼ਹਿਰ ਵਾਸੀਆਂ ਲਈ ਖ਼ਤਰਨਾਕ ਸਾਬਤ ਹੋਵੇਗਾ ਅਤੇ ਮਨੁੱਖੀ ਜੀਵਨ ਜਿਊਣ ਯੋਗ ਨਹੀਂ ਰਹੇਗਾ।
28 ਨੂੰ ਲੁਧਿਆਣਾ-ਚਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ
ਸਰਪੰਚ ਮਾਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੀ ਪੂਰਤੀ ਲਈ 28 ਮਾਰਚ ਨੂੰ ਪਿੰਡ ਦਿਆਲਪੁਰਾ ਨੇੜੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਕੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਸਰਪੰਚ ਲਵਲੀ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੇ ਪਿੰਡ ਦੇ ਮੁੱਦੇ 'ਤੇ ਗੰਭੀਰਤਾ ਨਾਲ ਸਾਡੀ ਹਮਾਇਤ ਕਰਦੀਆਂ ਹਨ, ਉਹ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਚੋਣ ਪ੍ਰਚਾਰ ਲਈ ਸਾਡੇ ਪਿੰਡ ਆਉਣਗੀਆਂ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਸਾਥ ਨਹੀਂ ਦਿੰਦੀਆਂ ਉਨ੍ਹਾਂ ਨੂੰ ਅਸੀਂ ਨਹੀਂ ਸਾਡੇ ਪਿੰਡ ਆਉਣ ਨਹੀਂ ਦੇਵਾਂਗੇ। ਇਸ ਸਬੰਧੀ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ, ਜਦੋਂ ਵੀ ਪਿੰਡ ਵਾਸੀ ਮੇਰੇ ਕੋਲ ਆਏ ਤਾਂ ਮੈਂ ਉਨ੍ਹਾਂ ਦਾ ਸਾਥ ਦਿੱਤਾ ਅਤੇ ਮੈਂ ਕਿਸੇ ਵੀ ਪਿੰਡ ਵਾਸੀ ਨਾਲ ਧੱਕਾ ਨਹੀਂ ਹੋਣ ਦੇਵਾਂਗਾ।
ਸ੍ਰੀ ਅਨੰਦਪੁਰ ਸਾਹਿਬ 'ਚ ਹੋਲੇ-ਮਹੱਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਦੀ ਗਿਣਤੀ 'ਚ ਸੰਗਤ ਹੋ ਰਹੀ ਨਤਮਸਤਕ
NEXT STORY