ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਦਿੱਲੀ ਵਿਖੇ ਖਾਸ ਕਰਕੇ ਲਾਲ ਕਿਲੇ ’ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਸ ਕਾਰੇ ਨੂੰ ਦੇਸ਼ ਦਾ ਅਪਮਾਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਨਮੋਸ਼ੀ ਝੱਲਣੀ ਪਈ ਹੈ ਅਤੇ ਇਸ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਇਆ ਹੈ ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਖੇਤੀ ਕਾਨੂੰਨਾਂ ਦੇ ਗਲਤ ਅਤੇ ਮੁਲਕ ਦੇ ਸੰਘੀ ਢਾਂਚੇ ਦੇ ਖਿਲਾਫ਼ ਹੋਣ ਕਾਰਨ ਕਿਸਾਨਾਂ ਨਾਲ ਖੜ੍ਹੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ, ‘‘ਕੌਮੀ ਰਾਜਧਾਨੀ ਵਿਚ ਬੀਤੇ ਕੱਲ ਜੋ ਕੁੱਝ ਵੀ ਵਾਪਰਿਆ, ਉਸ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਜਿਸ ਨੇ ਵੀ ਲਾਲ ਕਿਲੇ ਵਿਖੇ ਹਿੰਸਾ ਕੀਤੀ ਹੈ, ਉਸ ਨੇ ਪੂਰੇ ਮੁਲਕ ਨੂੰ ਨਮੋਸ਼ੀ ਦਾ ਪਾਤਰ ਬਣਾਇਆ ਹੈ ਅਤੇ ਦਿੱਲੀ ਪੁਲਸ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ।’’ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ’ਚ ਕਿਸੇ ਵੀ ਪਾਰਟੀ ਜਾਂ ਦੇਸ਼ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੁਲਸ ਦੁਆਰਾ ਕਿਸੇ ਕਿਸਾਨ ਆਗੂ ਨੂੰ ਅਜਾਈਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਉਪਰੋਕਤ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਲੋਕ ਕਿਸਾਨ ਨਹੀਂ ਸਗੋਂ ਰਸਤਾ ਭਟਕੇ ਹੋਏ ਕੁਝ ਲੋਕ ਹਨ, ਜੋ ਅਜਿਹੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੋਕਾਂ ਦੀ ਆਵਾਜ਼ ਨਹੀਂ ਸੁਣਦੀ ਤਾਂ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹਿਣਗੀਆਂ।
ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ਵਿਚ ਵਾਧੇ ਦੀ ਲੋੜ
ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਚੀਨ ਦੇ ਲੰਬੇ ਸਮੇਂ ਦੇ ਵਿਸਤਾਰਵਾਦੀ ਏਜੰਡੇ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ ਆਪਣੇ ਇਸ ਦੁਸ਼ਮਣ ਗੁਆਂਢੀ ਬਾਰੇ ਸਪੱਸ਼ਟ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਜਿੰਗ ਨਾਲ ਸਿਰਫ਼ ਗੱਲਬਾਤ ਕਰਨ ਨਾਲ ਕੋਈ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ 20 ਜਨਵਰੀ ਨੂੰ ਨਾਥੂ ਲਾ ਵਿਖੇ ਹੋਈ ਤਾਜ਼ਾ ਝੜਪ ਵਿਚ ਭਾਰਤ ਦਾ ਹੱਥ ਭਾਂਵੇ ਉਤੇ ਰਿਹਾ ਹੈ ਪਰ ਫਿਰ ਵੀ ਦੇਸ਼ ਨੂੰ ਲੋੜ ਹੈ ਕਿ ਆਪਣੀ ਫੌਜੀ ਸਮਰੱਥਾ ਵਿਚ ਵਾਧਾ ਕਰਦਿਆਂ ਇਸ ਨੂੰ ਮਜ਼ਬੂਤੀ ਪ੍ਰਦਾਨ ਕਰੇ। ਗਲਵਾਨ ਘਾਟੀ ਤੋਂ ਬਾਅਦ ਹੋਈ ਇਸ ਤਾਜ਼ਾ ਘਟਨਾ ਨੇ ਇਹ ਦਿਖਾ ਦਿੱਤਾ ਹੈ ਕਿ ਚੀਨ ਆਪਣੀ ਵਿਸਤਾਰਵਾਦੀ ਨੀਤੀ ਤੋਂ ਨਾ ਪਿੱਛੇ ਹਟਿਆ ਹੈ ਅਤੇ ਨਾ ਹੀ ਉਸ ਦੀ ਅਜਿਹੀ ਕੋਈ ਇੱਛਾ ਹੈ। ਸਰਹੱਦ ਉਪਰ ਅਜਿਹੇ ਖਤਰੇ ਦੇ ਮੱਦੇਨਜ਼ਰ ਮਜ਼ਬੂਤ ਫੌਜ ਦੀ ਲੋੜ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
ਬੁਢਲਾਡਾ ਦੀ ਪਹਿਲੀ ਮਹਿਲਾ DSP ਦਾ ਪਰੇਡ ’ਚ ਕਮਾਂਡਰ ਤੌਰ ’ਤੇ ਹਿੱਸਾ ਲੈਣ ’ਤੇ ਸਨਮਾਨ
NEXT STORY