ਚੰਡੀਗੜ੍ਹ (ਰਸ਼ਮੀ) : ਵਟਸਐਪ ਗਰੁੱਪ 'ਤੇ ਵਾਇਰਲ ਹੋਏ ਇਕ ਮੈਸਜ ਨੇ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੇ ਦਿਮਾਗ ਘੁਮਾ ਛੱਡੇ। ਅਸਲ 'ਚ ਟੁੱਟੀ-ਫੁੱਟੀ ਅੰਗਰੇਜ਼ੀ 'ਚ ਵਾਇਰਲ ਇਕ ਮੈਸਜ 'ਚ ਐਜੂਕੇਸ਼ਨ ਸਕੱਤਰ ਦਾ ਹਵਾਲਾ ਦਿੱਤਾ ਗਿਆ ਸੀ, ਜਿਸ 'ਚ ਲਿਖਿਆ ਸੀ ਕਿ ਐਜੂਕੇਸ਼ਨ ਸਕੱਤਰ ਵਲੋਂ ਅਧਿਆਪਕਾਂ ਨੂੰ ਸੂਚਨਾ ਜਾਰੀ ਕੀਤੀ ਗਈ ਹੈ ਕਿ ਤੀਜੀ ਜਮਾਤ ਤੋਂ 10ਵੀਂ ਜਮਾਤ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਇਕ-ਇਕ ਡਿਕਸ਼ਨਰੀ ਬਣਾਉਣੀ ਪਵੇਗੀ।
ਇਸ 'ਚ ਵਰਡ ਮੀਨਿੰਗ ਤੋਂ ਲੈ ਕੇ ਵਿਰੋਧੀ ਸ਼ਬਦ, ਸੂਤਰ ਵੀ ਸ਼ਾਮਲ ਹੋਣਗੇ। ਡਿਕਸ਼ਨਰੀ ਨੂੰ ਜਲਦੀ ਤਿਆਰ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਇਨ੍ਹਾਂ ਵਰਡਾਂ ਦੀ ਪ੍ਰੈਕਟਿਸ ਕਰਾਉਣੀ ਹੋਵੇਗੀ। ਅਧਿਆਪਕ ਡਿਕਸ਼ਨਰੀ ਨੋਟਬੁੱਕ/ਰਜਿਸਟਰ ਬਣਾਉਣ। ਡਿਕਸ਼ਨਰੀ 'ਤੇ ਸਬਜੈਕਟ/ਸਬਜੈਕਟ ਟੀਚਰ ਦਾ ਨਾਂ ਲਿਖਣਾ ਹੋਵੇਗਾ। ਡਿਕਸ਼ਨਰੀ ਨੂੰ ਅਧਿਆਪਕਾਂ ਨੂੰ 10 ਦਿਨਾਂ 'ਚ ਬਣਾਉਣਾ ਪਵੇਗਾ।
ਐਜੂਕੇਸ਼ਨ ਸਕੱਤਰ ਸਕੂਲਾਂ 'ਚ ਜਾ ਕੇ ਅਧਿਆਪਕਾਂ ਵਲੋਂ ਤਿਆਰ ਕੀਤੀ ਗਈ ਡਿਕਸ਼ਨਰੀ ਚੈੱਕ ਕਰਨਗੇ। ਮੈਸਜ 'ਚ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡਾਂ ਤੇ ਇੰਚਾਰਜਾਂ ਨੂੰ ਇਸ ਨੂੰ ਲੈ ਕੇ ਸਖਤ ਹਦਾਇਤਾਂ ਦਿੰਦੇ ਹੋਏ ਸਾਰੇ ਅਧਿਆਪਕਾਂ ਤੋਂ ਹਸਤਾਖਰ ਕਰਾਉਣ ਲਈ ਵੀ ਕਿਹਾ ਗਿਆ। ਮੈਸਜ ਸਕੂਲਾਂ ਦੇ ਪਿੰ੍ਰਸੀਪਲਾਂ ਤੱਕ ਪੁੱਜਣ 'ਤੇ ਪ੍ਰਿੰਸੀਪਲਾਂ ਨੇ ਅਧਿਆਪਕਾਂ ਤੋਂ ਡਿਕਸ਼ਨਰੀ ਤਿਆਰ ਕਰਨ ਨੂੰ ਲੈ ਕੇ ਹਸਤਾਖਰ ਕਰਾਉਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਤੁਰੰਤ ਇਕ ਪ੍ਰਿੰਸੀਪਲ ਨੇ ਤਬਲਾ ਇੰਸਟਰੱਕਟਰ ਤੋਂ ਡਿਕਸ਼ਨਰੀ ਤਿਆਰ ਕਰਨ ਲਈ ਹਸਤਾਖਰ ਕਰਵਾ ਲਏ। ਤਬਲਾ ਇੰਸਟਰੱਕਟਰ ਨੇ ਕਿਹਾ ਕਿ ਹੁਣ ਉਹ ਇਸ ਦੁਵਿਧਾ 'ਚ ਹਨ ਕਿ ਆਖਰ ਉਹ ਤਬਲੇ 'ਤੇ ਕੀ ਡਿਕਸ਼ਨਰੀ ਤਿਆਰ ਕਰਨ।
ਇਹ ਹੈ ਵਾਇਰਲ ਮੈਸਜ ਦਾ ਸੱਚ
ਵਾਇਰਲ ਮੈਸਜ ਦਾ ਸੱਚ ਜਾਨਣ ਲਈ 'ਜਗਬਾਣੀ' ਦੇ ਪੱਤਰਕਾਰ ਨੇ ਐਜੂਕੇਸ਼ਨ ਸਕੱਤਰ ਨਾਲ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਮੈਸਜ ਨੂੰ ਉਨ੍ਹਾਂ ਨੂੰ ਭੇਜਣ ਲਈ ਕਿਹਾ। ਮੈਸਜ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕੋਈ ਅਜਿਹੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ। ਇਹ ਮੈਸਜ ਐਜੂਕੇਸ਼ਨ ਸਕੱਤਰ ਵਲੋਂ ਨਹੀਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਯੋਜਨਾਵਾਂ ਦਿੱਲੀ ਤੇ ਹਰਿਆਣਾ ਸਰਕਾਰ ਵਲੋਂ ਆਪੋ-ਆਪਣੇ ਸੂਬਿਆਂ 'ਚ ਪ੍ਰਭਾਵੀ ਰੂਪ ਨਾਲ ਚਲਾਈਆਂ ਜਾ ਰਹੀਆਂ ਹਨ। ਐਜੂਕੇਸ਼ਨ ਸਕੱਤਰ ਨੇ ਕਿਹਾ ਕਿ ਕੁਝ ਸੁਧਾਰ ਕਰਕੇ ਇਨ੍ਹਾਂ ਯੋਜਨਾਵਾਂ ਨੂੰ ਚੰਡੀਗੜ੍ਹ ਦੇ ਸਕੂਲਾਂ 'ਚ ਲਾਗੂ ਕੀਤਾ ਜਾ ਸਕਦਾ ਹੈ ਅਤੇ ਵਿਭਾਗ ਵਲੋਂ ਜਲਦ ਹੀ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਜ਼ਖਮੀ
NEXT STORY