ਜਲੰਧਰ : ਬਾਬਾ ਵਿਸ਼ਵਕਰਮਾ ਨੂੰ ‘ਕਿਰਤ ਦਾ ਦੇਵਤਾ’ ਕਿਹਾ ਜਾਂਦਾ ਹੈ। ਮਹਾਭਾਰਤ ਅਤੇ ਪੁਰਾਣਾਂ ਵਿਚ ਦੇਵਤਿਆਂ ਦਾ ‘ਮੁੱਖ ਇੰਜ਼ੀਨੀਅਰ’ ਵੀ ਦੱਸਿਆ ਹੈ। ਮੰਨਿਆ ਜਾਂਦਾ ਹੈ ਕਿ ‘ਸੋਨੇ ਦੀ ਲੰਕਾ’ ਦਾ ਨਿਰਮਾਣ ਵੀ ਵਿਸ਼ਵਕਰਮਾ ਨੇ ਕੀਤਾ। ਵਿਸ਼ਵਕਰਮਾ ਦੇਵਤਿਆਂ ਦੇ ਮਕਾਨ ਹੀ ਨਹੀ, ਸਗੋਂ ਉਨ੍ਹਾ ਵਲੋਂ ਵਰਤੇ ਜਾਂਦੇ ਸ਼ਸਤਰ ਤੇ ਅਸਤਰ ਵੀ ਇਹੀ ਬਣਾਉਂਦਾ ਹੈ। ਸਥਾਪਤਯ ਉਪਵੇਦ ਜਿਸ ਵਿਚ ਦਸਤਕਾਰੀ ਦੇ ਹੁਨਰ ਦੱਸੇ ਹਨ, ਉਹ ਵਿਸ਼ਵਕਰਮਾ ਦਾ ਹੀ ਰਚਿਆ ਹੋਇਆ ਹੈ। ਮਹਾਭਾਰਤ ਵਿਚ ਇਸ ਦੀ ਬਾਬਤ ਇਉਂ ਲਿਖਿਆ ਹੈ, ‘ਦੇਵਤਿਆਂ ਦਾ ਪਤ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ ਹਨ, ਜਿਸ ਦੇ ਹੁੱਨਰ ਤੇ ਪ੍ਰਿਥਵੀ ਖੜੀ ਹੈ।
ਅਜੋਕੇ ਸਮੇਂ ਅੰਦਰ ਵੀ ਇਹ ਬਣੇ ਹੋਏ ਡੈਮ, ਮਿੱਲਾਂ, ਗਗਨਚੁੰਬੀ ਇਮਾਰਤਾਂ, ਰੇਲਵੇ ਲਾਈਨਾਂ, ਪਹਾੜਾਂ ਵਿਚ ਖੁਦੀਆਂ ਹੋਈਆਂ ਸੁਰੰਗਾਂ ਤੇ ਹੋਰ ਕਈ ਪ੍ਰਕਾਰ ਦੇ ਹਥਿਆਰ ਤੇ ਇੰਨ੍ਹਾਂ ਸਭ ਦੀ ਉਸਾਰੀ ਲਈ ਵਰਤੇ ਗਏ ਔਜ਼ਾਰ, ਇਹ ਸਭ ਬਾਬਾ ਵਿਸ਼ਵਕਰਮਾ ਦੀ ਕਲਾ ਦੀ ਹੀ ਦੇਣ ਹੈ।ਰਮਾਇਣ ਵਿਚ ਲਿਖਿਆ ਮਿਲਦਾ ਹੈ ਕਿ ਵਿਸ਼ਵਕਰਮਾ ਅੱਠਵੇਂ ਵਸ਼ ਪ੍ਰਭਾਤ ਦਾ ਪੁੱਤਰ ਲਾਵਨਯਮਤੀ ਦੇ ਪੇਟੋਂ ਜਨਮਿਆ, ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ਼ ਸਹਾਰ ਨਾ ਸਕੀ ਤਾਂ ਵਿਸ਼ਵਕਰਮਾ ਨੇ ਸੂਰਯ ਨੂੰ ਆਪਣੇ ਖਰਾਦ ਤੇ ਚੜ੍ਹਾ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ। ਜਿਸ ਤੋਂ ਸੂਰਯ ਦੀ ਤਪਸ਼ ਘੱਟ ਹੋ ਗਈ।ਸੂਰਯ ਦੇ ਛਿੱਲੜ ਤੋਂ ਵਿਸ਼ਵਕਰਮਾ ਨੇ ਵਿਸ਼ਨੂੰ ਦਾ ਚੱਕਰ, ਸ਼ਿਵਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵੀ ਦੇਵਤਿਆਂ ਦੇ ਸ਼ਸਤਰ ਬਣਾਏ।
ਜਗੰਨਾਥ ਦਾ ਬੁੱਤ ਵੀ ਵਿਸ਼ਵਕਰਮਾ ਦੀ ਦਸਤਕਾਰੀ ਦਾ ਕਮਾਲ ਹੈ। ਇਹ ਜਗੰਨਾਥ ਵਿਸ਼ਨੂੰ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਇਕ ਖਾਸ ਮੂਰਤੀ ਹੈ, ਜੋ ਬੰਗਾਲ ਅਤੇ ਹਿੰਦੂਸਤਾਨ ਦੇ ਕਈ ਹੋਰ ਥਾਵਾਂ ਤੇ ਪੂਜੀ ਜਾਂਦੀ ਹੈ, ਪਰ ਉੜੀਸਾ ਵਿਚ ਕਟਕ ਦੇ ਜਿਲ੍ਹੇ ਸਮੁੰਦਰ ਦੇ ਕਿਨਾਰੇ ‘ਪੁਰੀ ਵਿਚ ਇਸ ਦੀ ਬਹੁਤ ਹੀ ਮਾਨਤਾ ਹੈ, ਕਈ ਯਾਤਰੀ ਬਾਹਰਲੇ ਦੇਸ਼ਾ ਤੋਂ ਉਥੇ ਜਾਂਦੇ ਹਨ, ਵਿਸ਼ੇਸ਼ ਕਰਕੇ ਇਹ ਲੋਕ ਰੱਥ ਯਾਤਰਾ ਦੇ ਦਿਨਾਂ ਵਿਚ ਉਥੇ ਬਹੁਤ ਭਾਰੀ ਜਲੂਸ ਦੇ ਰੂਪ ਵਿਚ ਜਮ੍ਹਾਂ ਹੁੰਦੇ ਹਨ। ਜੋ ਹਾੜ ਸੁਦੀ ਦੋ ਨੂੰ ਮਨਾਈ ਜਾਂਦੀ ਹੈ। ਇਸ ਸਮੇਂ ਜਗੰਨਾਥ ਦੀ ਮੂਰਤੀ ਨੂੰ ਰੱਥ ਵਿਚ ਬਿਠਾਉਂਦੇ ਹਨ, ਜੋ 16 ਪਹੀਏ ਦਾ 48 ਫੁੱਟ ਉਚਾ ਹੈ, ਭਗਤ ਲੋਕ ਇਸ ਰੱਥ ਨੂੰ ਖਿੱਚਦੇ ਹਨ।
ਬਲਰਾਮ ਦਾ ਰੱਥ 14 ਪਹੀਏ ਤੇ 44 ਫੁੱਟ ਉਚਾ, ਭਰਤ ਦਾ 12 ਪਹੀਏ ਦਾ 43 ਫੁੱਟ ਉਚਾ, ਇੰਨ੍ਹਾਂ ਦੋਵਾਂ ਵਿੱਚ ਦੋਵਾਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਹਨ, ਪੁਰਾਣੇ ਸਮੇਂ ਬਹੁਤ ਲੋਕ ਰੱਥ ਦੇ ਪਹੀਏ ਹੇਠ ਆ ਕੇ ਮਰਨ ਤੋਂ ਮੁਕਤੀ ਹੋਈ ਮੰਨਦੇ ਸਨ। ‘ਸਕੰਦਪੁਰਾਣ’ ਵਿੱਚ ਜਗੰਨਾਥ ਦੀ ਬਾਬਤ ਇੱਕ ਅਨੋਖੀ ਕਥਾ ਹੈ ਕਿ ਜਦ ਸ੍ਰੀ ਕ੍ਰਿਸ਼ਨ ਜੀ ਨੂੰ ‘ਜਰ’ ਸ਼ਿਕਾਰੀ ਨੇ ਪੈਰ ਵਿੱਚ ਤੀਰ ਮਾਰ ਦਿੱਤਾ ਤਾਂ ਉਹਨਾਂ ਦਾ ਸਰੀਰ ਕਈ ਦਿਨ ਇੱਕ ਬ੍ਰਿਛ ਦੇ ਥੱਲੇ ਪਿਆ ਰਿਹਾ। ਕੁੱਝ ਸਮੇਂ ਪਿੱਛੋਂ ਕਿਸੇ ਪ੍ਰੇਮੀ ਨੇ ਅਸਥੀਆਂ ਸੰਦੂਕ ਵਿੱਚ ਪਾ ਕੇ ਰੱਖ ਦਿੱਤੀਆਂ, ਉੜੀਸਾ ਦੇ ਰਾਜੇ ਇੰਦਰਦਯੁਮਨ ਨੂੰ ਵਿਸ਼ਨੂੰ ਵੱਲੋਂ ਹੁਕਮ ਹੋਇਆ ਕਿ ਜਗੰਨਾਥ ਦਾ ਇੱਕ ਬੁੱਤ ਬਣਾ ਕੇ ਉਹ ਅਸਥੀਆਂ ਉਸ ਵਿੱਚ ਸਥਾਪਨ ਕਰੇ।
ਰਾਜਾ ਇੰਦਰਦਯੁਮਨ ਨੇ ਬਾਬਾ ਵਿਸ਼ਵਕਰਮਾ ਨੂੰ ਪ੍ਰਾਥਨਾ ਕੀਤੀ ਤਾਂ ਰਾਜੇ ਦੀ ਪ੍ਰਾਥਨਾ ਮੰਨ ਕੇ ਵਿਸ਼ਵਕਰਮਾ ਨੇ ਦੇਵਤਿਆਂ ਦਾ ਮਿਸਤਰੀ ਬੁੱਤ ਬਣਾਉਣ ਲਈ ਇੱਕ ਸ਼ਰਤ ਤੇ ਤਿਆਰ ਹੋਇਆ ਕਿ ਜੇ ਕੋਈ ਬਣਦੀ ਹੋਈ ਮੂਰਤੀ ਨੂੰ ਮੁਕੰਮਲ ਹੋਈ ਬਿਨ੍ਹਾਂ ਪਹਿਲਾਂ ਹੀ ਦੇਖ ਲਵੇਗਾ ਤਾਂ ਮੈਂ ਕੰਮ ਉਥੇ ਹੀ ਛੱਡ ਦੇਵਾਂਗਾ।
ਹੋਰ ਕੋਈ ਚਾਰਾ ਨਹੀ ਸੀ, ਇਸ ਲਈ ਰਾਜਾ ਇੰਦਰਦਯੁਮਨ ਇਹ ਸ਼ਰਤ ਮੰਨ ਗਿਆ। ਬੁੱਤ ਬਣਦੇ- ਬਣਦੇ ਪੰਦਰਾਂ ਦਿਨ ਬੀਤ ਗਏ। ਰਾਜਾ ਹੋਰ ਇੰਤਜ਼ਾਰ ਨਾ ਕਰ ਸਕਿਆ ਤੇ ਬਾਬਾ ਵਿਸ਼ਵਕਰਮਾ ਕੋਲ ਜਾ ਪੁੱਜਿਆ ਤੇ ਵਿਸ਼ਕਰਮਾ ਨੇ ਕੰਮ ਉਥੇ ਹੀ ਛੱਡ ਦਿੱਤਾ। ਜਗੰਨਾਥ ਦਾ ਬੁੱਤ ਬਿਨ੍ਹਾਂ ਹੱਥਾਂ, ਪੈਰਾਂ ਤੇ ਅੱਖਾਂ ਦੇ ਹੀ ਰਹਿ ਗਿਆ। ਰਾਜਾ ਇੰਦਰਦਯੁਮਨ ਨੇ ਬ੍ਰਹਮਾ ਅੱਗੇ ਪ੍ਰਾਥਨਾ ਕੀਤੀ ਤਾਂ ਬ੍ਰਹਮਾ ਨੇ ਉਸ ਬੁੱਤ ਨੂੰ ਹੱਥ, ਪੈਰ, ਅੱਖਾਂ ਤੇ ਆਤਮਾ ਬਖਸ਼ ਕੇ ਆਪਣੇ ਹੱਥੀਂ ਪ੍ਰਤਿਸ਼ਟਾ ਕਰਕੇ ਜਗਤਮਾਨਯ ਥਾਪਿਆ। ਇਤਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਜਗੰਨਾਥ ਦਾ ਮੰਦਿਰ ਰਾਜਾ ਅਨੰਤਵਰਮਾ ਨੇ ਬਣਾਇਆ ਹੈ, ਜੋ ਸੰਨ 1076 ਤੋਂ ਸੰਨ 1147 ਤੱਕ ਗੰਗਾ ਅਤੇ ਗੋਦਾਵਰੀ ਦੇ ਮੱਧ ਰਾਜ ਕਰਦਾ ਸੀ।
ਇਸ ਮੰਦਰ ਦਾ ਬਾਹਰ ਦਾ ਹਾਤਾ 665 ਫੁੱਟ ਲੰਬਾ, 644 ਫੁੱਟ ਚੌੜਾ, ਚਾਰਦੀਵਾਰੀ 24 ਫੁੱਟ ਉਚੀ ਹੈ ਅਤੇ ਮੰਦਿਰ ਦੀ ਉਚਾਈ ਕਲਸ ਤੱਕ 192 ਫੁੱਟ ਹੈ। ਦੀਵਾਲੀ ਤੋਂ ਅਗਲੇ ਦਿਨ ਹੱਥੀਂ ਕੰਮਕਾਰ ਕਰਨ ਵਾਲੇ ਸਭ ਮਿਸਤਰੀ ਚਾਹੇ, ਉਹ ਰਾਜ ਮਿਸਤਰੀ ਹਨ, ਲੱਕੜ ਮਿਸਤਰੀ ਹਨ, ਖਰਾਦੀਏ ਹਨ ਜਾਂ ਵੱਡੀਆਂ- ਵੱਡੀਆਂ ਵਰਕਸ਼ਾਪਾਂ ਦੇ ਮਿਸਤਰੀ ਸਭ ਵਿਸ਼ਕਰਮਾ ਦਿਵਸ ਤੇ ਬਾਬਾ ਵਿਸ਼ਵਕਰਮਾ ਦੀ ਪੂਜਾ ਅਰਚਨਾ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ।
ਵੀਰਵਾਰ ਨੂੰ ਕਰੋ ਇਹ ਖ਼ਾਸ ਉਪਾਅ, ਖ਼ਤਮ ਹੋਵੇਗੀ ਹਰ ਪ੍ਰੇਸ਼ਾਨੀ
NEXT STORY