ਲੁਧਿਆਣਾ (ਵੈੱਬ ਡੈਸਕ/ਹਿਤੇਸ਼)- ਨਗਰ ਨਿਗਮ ਚੋਣਾਂ ਲਈ ਲੁਧਿਆਣਾ ਵਿਚ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤਕ 16.8 ਫ਼ੀਸਦੀ ਵੋਟਿੰਗ ਹੋਈ ਹੈ। 9 ਵਜੇ ਤਕ ਨਗਰ ਨਿਗਮ ਲੁਧਿਆਣਾ ਲਈ ਮਹਿਜ਼ 5.4 ਫ਼ੀਸਦੀ ਵੋਟਿੰਗ ਹੀ ਹੋ ਸਕੀ ਸੀ। ਦੱਸ ਦਈਏ ਕਿ ਨਗਰ ਨਿਗਮ ਚੋਣਾਂ ਲਈ 447 ਉਮੀਦਵਾਰਾਂ ’ਚੋਂ ਕਿਹੜੇ 95 ਕੌਂਸਲਰ ਬਣਨਗੇ, ਇਸ ਦਾ ਫ਼ੈਸਲਾ 11.65 ਲੱਖ ਵੋਟਰ ਕਰਨਗੇ। ਇਸ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1233 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸ ਤੋਂ ਤੁਰੰਤ ਬਾਅਦ ਕਾਊਂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦੇ ਚਲਦੇ ਸ਼ਨੀਵਾਰ ਨੂੰ ਦੇਰ ਸ਼ਾਮ ਲੁਧਿਆਣਾ ਦੇ 95 ਵਾਰਡਾਂ ਦੇ ਨਵੇਂ ਬਣਨ ਵਾਲੇ ਕੌਂਸਲਰਾਂ ਨੂੰ ਲੈ ਕੇ ਤਸਵੀਰ ਸਾਫ ਹੋ ਜਾਵੇਗੀ।
ਵੋਟਿੰਗ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵੋਟਰਾਂ ਦੀ ਸਹੂਲਤ ਦਾ ਧਿਆਨ ਰੱਖਣ ਲਈ ਪ੍ਰਸ਼ਾਸਨ ਪੱਬਾਂ ਭਾਰ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਖ਼ੁਦ ਵੀ ਫੀਲਡ ਵਿਚ ਉਤਰ ਕੇ ਪ੍ਰਬੰਧਾਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਵੱਲੋਂ ਏ.ਡੀ.ਸੀ. ਅਮਰਜੀਤ ਬੈਂਸ ਦੇ ਨਾਲ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਤੇ ਉੱਥੇ ਵੋਟਰਾਂ ਲਈ ਕੀਤੇ ਗਏ ਪ੍ਰਬੰਧਾਂ ਅਤੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।
ਬੂਥ ਨੰਬਰ 123 'ਚ EVM ਖ਼ਰਾਬ
ਲੁਧਿਆਣਾ ਦੇ ਵਾਰਡ ਨੰਬਰ 82 ਦੇ ਬੂਥ ਨੰਬਰ 123 ਵਿਚ EVM ਖ਼ਰਾਬ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਤਕਰੀਬਨ 1 ਘੰਟਾ ਬੀਤ ਜਾਣ ਦੇ ਬਾਵਜੂਦ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਇਸ ਕਾਰਨ ਕਤਾਰਾਂ ਵਿਚ ਹੀ ਉਡੀਕ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਵੱਲੋਂ ਵੀ EVM ਖ਼ਰਾਬ ਹੋਣ ਕਾਰਨ ਵੋਟਿੰਗ ਪ੍ਰਕਿਰਿਆ 'ਚ ਪਏ ਅੜਿੱਕੇ 'ਤੇ ਰੋਸ ਪ੍ਰਗਟ ਕੀਤਾ ਗਿਆ ਹੈ।
ਡੇਢ ਸਾਲ ਦੇ ਇੰਤਜ਼ਾਰ ਤੋਂ ਬਾਅਦ ਸੁਪਰੀਮ ਕੋਰਟ ਦੇ ਦਖਲ ਕਾਰਨ ਹੋ ਰਹੀਆਂ ਚੋਣਾਂ
ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਪਿਛਲੇ ਸਾਲ ਅਪ੍ਰੈਲ ’ਚ ਪੂਰਾ ਹੋ ਗਿਆ ਸੀ ਪਰ ਸਰਕਾਰ ਵੱਲੋਂ ਚੋਣਾਂ ਨਹੀਂ ਕਰਵਾਈਆਂ ਗਈਆਂ। ਇਸ ਦੇ ਲਈ ਕਾਫੀ ਦੇਰ ਤੱਕ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਨਾ ਹੋਣ ਦਾ ਹਵਾਲਾ ਦਿੱਤਾ ਗਿਆ। ਇਹ ਬਹਾਨਾ ਪਿਛਲੇ ਸਾਲ ਅਗਸਤ ’ਚ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਖਤਮ ਹੋ ਗਿਆ, ਜਿਸ ਦੇ ਬਾਵਜੂਦ ਨਗਰ ਨਿਗਮ ਚੋਣਾਂ ਨਾ ਹੋਣ ਨੂੰ ਲੈ ਕੇ ਅਦਾਲਤ ’ਚ ਕੇਸ ਦਰਜ ਕੀਤਾ ਗਿਆ। ਇਸ ਮੁੱਦੇ ’ਤੇ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵੱਲੋਂ ਹੁਕਮ ਦੇਣ ਤੋਂ ਬਾਅਦ ਸਰਕਾਰ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਦਾ ਫੈਸਲਾ ਲੈਣਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
3 ਸਾਬਕਾ ਮੇਅਰਾਂ ਦੇ ਰਿਸ਼ਤੇਦਾਰ ਅਤੇ ਇਕ ਦਾ ਪੀ. ਏ. ਲੜ ਰਿਹਾ ਚੋਣ
ਨਗਰ ਨਿਗਮ ਚੋਣਾਂ ਨਾ ਹੋਣ ਕਾਰਨ ਮੇਅਰ ਦੀ ਕੁਰਸੀ ਵੀ ਕਾਫੀ ਦੇਰ ਤੋਂ ਖਾਲੀ ਪਈ ਹੋਈ ਹੈ। ਜਿਥੋਂ ਤੱਕ ਪੁਰਾਣੇ ਮੇਅਰਾਂ ਦਾ ਸਵਾਲ ਹੈ, ਉਨ੍ਹਾਂ ’ਚੋਂ ਕਿਸੇ ਨੂੰ ਵੀ ਮੁੜ ਮੌਕਾ ਨਹੀਂ ਮਿਲਿਆ ਹੈ। ਇਨ੍ਹਾਂ ’ਚੋਂ 3 ਸਾਬਕਾ ਮੇਅਰਾਂ ਦੇ ਰਿਸ਼ਤੇਦਾਰ ਇਸ ਵਾਰ ਨਗਰ ਨਿਗਮ ਚੋਣਾਂ ਲੜ ਰਹੇ ਹਨ, ਜਿਨ੍ਹਾਂ ’ਚ ਅਪਿੰਦਰ ਗਰੇਵਾਲ, ਹਰਚਰਨ ਸਿੰਘ ਗੋਹਲਵੜੀਆ ਅਤੇ ਹਾਕਮ ਸਿੰਘ ਗਿਆਸਪੁਰਾ ਦੇ ਨਾਂ ਸ਼ਾਮਲ ਹਨ, ਜਦੋਂਕਿ ਤਤਕਾਲੀ ਮੇਅਰ ਬਲਕਾਰ ਸੰਧੂ ਨਾ ਤਾਂ ਖੁਦ ਚੋਣ ਲੜ ਰਹੇ ਹਨ ਅਤੇ ਨਾ ਹੀ ਕਿਸੇ ਪਰਿਵਾਰਕ ਮੈਂਬਰ ਨੂੰ ਮੈਦਾਨ ’ਚ ਉਤਾਰਿਆ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਪੁਰਾਣੇ ਵਾਰਡ ਤੋਂ ਆਪਣੇ ਪੀ. ਏ. ਨੂੰ ਟਿਕਟ ਦੇ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।
ਮੌਜੂਦਾ ਦੇ ਨਾਲ ਸਾਬਕਾ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਹਨ ਮੈਦਾਨ ’ਚ
ਇਸ ਵਾਰ ਰਜਿੰਦਰਪਾਲ ਕੌਰ ਛੀਨਾ ਨੂੰ ਛੱਡ ਕੇ ਲੁਧਿਆਣਾ ਸ਼ਹਿਰ ਦੇ ਸਾਰੇ ਮੌਜੂਦਾ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਨਗਰ ਨਿਗਮ ਚੋਣਾਂ ਲੜ ਰਹੇ ਹਨ। ਇਸ ਤੋਂ ਇਲਾਵਾ ਕਈ ਸਾਬਕਾ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਮੈਦਾਨ ’ਚ ਹਨ। ਇਨ੍ਹਾਂ ’ਚ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ, ਸਤਪਾਲ ਗੋਸਾਈਂ, ਹੀਰਾ ਸਿੰਘ ਗਾਬੜੀਆ ਦੇ ਨਾਂ ਮੁੱਖ ਤੌਰ ’ਤੇ ਸ਼ਾਮਲ ਹਨ।
420 ਪੋਲਿੰਗ ਬੂਥ ਸੈਂਸੇਟਿਵ
ਨਗਰ ਨਿਗਮ ਚੋਣਾਂ ਦੌਰਾਨ ਵੋਟਿੰਗ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1233 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਵੋਟਿੰਗ ਤੋਂ ਲੈ ਕੇ ਕਾਊਂਟਿੰਗ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ’ਚ ਹੋਵੇਗੀ। ਇਸ ਤੋਂ ਇਲਾਵਾ 420 ਪੋਲਿੰਗ ਬੂਥ ਸੈਂਸੇਟਿਵ ਡਿਕਲੇਅਰ ਕੀਤੇ ਗਏ ਹਨ, ਜਿਥੇ ਫੀਲਡ ਤੋਂ ਇਲਾਵਾ ਪੋਲਿੰਗ ਬੂਥਾਂ ’ਤੇ ਵੀ ਵਾਧੂ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਵੋਟਰਾਂ ਦੇ ਅੰਕੜੇ ’ਤੇ ਇਕ ਨਜ਼ਰ
-11,65,749 ਹਨ ਕੁੱਲ ਵੋਟਰ
-6,24,708 ਪੁਰਸ਼
-5,40,938 ਔਰਤਾਂ
-103 ਥਰਡ ਜੈਂਡਰ ਵੋਟਰ
ਉਮੀਦਵਾਰਾਂ ਦੇ ਅੰਕੜੇ
- 447 ਉਮੀਦਵਾਰ ਹਨ ਮੈਦਾਨ ’ਚ
- ਸਾਰੇ ਵਾਰਡਾਂ ’ਚ ਲੜ ਰਹੀ ਹੈ ਆਮ ਆਦਮੀ ਪਾਰਟੀ
- ਇਕ ਵਾਰਡ ਵਿਚ ਨਹੀਂ ਹੈ ਕਾਂਗਰਸ ਦਾ ਉਮੀਦਵਾਰ
- 5 ਵਾਰਡਾਂ ’ਚ ਨਹੀਂ ਹਨ ਭਾਜਪਾ ਦੇ ਉਮੀਦਵਾਰ
- 27 ਵਾਰਡਾਂ ’ਚ ਅਕਾਲੀ ਦਲ ਨੂੰ ਨਹੀਂ ਮਿਲੇ ਉਮੀਦਵਾਰ
- 20 ਵਾਰਡਾਂ ’ਚ 3-3 ਉਮੀਦਵਾਰ ਹੋਣ ਕਾਰਨ ਹੈ ਤਿਕੋਣਾ ਮੁਕਾਬਲਾ
- ਵਾਰਡ ਨੰ. 36 ’ਚ ਹਨ ਸਭ ਤੋਂ ਵੱਧ 10 ਉੁਮੀਦਵਾਰ
- ਵਾਰਡ ਨੰ. 32 ਅਤੇ 40 ’ਚ ਹਨ 8-8 ਉਮੀਦਵਾਰ
- 27 ਵਾਰਡਾਂ ’ਚ 4-4 ਉਮੀਦਵਾਰ
- ਪੁਲਸ ਪ੍ਰਸ਼ਾਸਨ ਦੇ 11,000 ਤੋਂ ਵੱਧ ਮੁਲਾਜ਼ਮ ਨਿਭਾਅ ਰਹੇ ਡਿਊਟੀ
10 ਫ਼ੀਸਦੀ ਈ. ਵੀ. ਐੱਮ. ਰਿਜ਼ਰਵ
ਡੀ. ਸੀ. ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਫੋਕਸ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ’ਤੇ ਹੈ, ਜਿਸ ਦੇ ਲਈ ਪੁਲਸ ਪ੍ਰਸ਼ਾਸਨ ਦੇ 11,000 ਤੋਂ ਵੱਧ ਮੁਲਾਜ਼ਮ ਡਿਊਟੀ ਨਿਭਾਅ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਬਾਕਾਇਦਾ ਕਈ ਰਾਊਂਡ ਦੀ ਟ੍ਰੇਨਿੰਗ ਦਿੱਤੀ ਗਈ ਹੈ। ਵੋਟਿੰਗ ਦੌਰਾਨ ਕੋਈ ਖਰਾਬੀ ਆਉਣ ਦੌਰਾਨ ਪੈਦਾ ਹੋਣ ਵਾਲੇ ਹਾਲਾਤ ਨਾਲ ਨਜਿੱਠਣ ਲਈ 10 ਫੀਸਦੀ ਈ. ਵੀ. ਐੱਮ. ਰਿਜ਼ਰਵ ਰੱਖੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਗਵਾੜਾ ਵਿਖੇ ਨਗਰ ਨਿਗਮ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਜਾਰੀ, ਜਾਣੋ ਪੋਲਿੰਗ ਫ਼ੀਸਦੀ
NEXT STORY