ਗੁਰਦਾਸਪੁਰ, (ਵਿਨੋਦ)- ਪੰਜਾਬ ਸਰਕਾਰ ਤਾਂ ਆਦਰਸ਼ ਸਕੂਲ ਤੇ ਮੈਰੀਟੋਰੀਅਸ ਸਕੂਲ ਖੋਲ੍ਹਣ ਦੇ ਨਾਲ-ਨਾਲ ਸਿੱਖਿਆ ਦਾ ਪੱਧਰ ਚੁੱਕਣ ਦੇ ਕਈ ਦਾਅਵੇ ਕਰ ਰਹੀ ਹੈ। ਹੁਣ ਸਰਕਾਰ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਿੱਖਿਆ ਵਿਚ ਪੰਜਾਬ ਦੇਸ਼ 'ਚ ਤੀਜੇ ਸਥਾਨ 'ਤੇ ਹੈ ਪਰ ਜਦੋਂ ਸਰਹੱਦੀ ਇਲਾਕਿਆਂ 'ਚ ਜਾ ਕੇ ਦੇਖਿਆ ਜਾਵੇ ਤਾਂ ਅੱਜ ਸਿੱਖਿਆ ਸੰਬੰਧੀ ਸਥਿਤੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਪੂਰੀ ਤਰ੍ਹਾਂ ਉਲਟ ਹੈ।
ਸਰਹੱਦੀ ਇਲਾਕਿਆਂ 'ਚ ਅੱਜ ਵੀ ਅਧਿਆਪਕਾਂ ਦੀ ਕਮੀ ਕਾਰਨ ਬੱਚੇ ਸਿੱਖਿਆ ਪ੍ਰਾਪਤ ਨਹੀਂ ਕਰ ਪਾਉਂਦੇ, ਜਦਕਿ ਇਸ ਦੇ ਉਲਟ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵਿਸ਼ੇਸ਼ ਕਰਕੇ ਲੜਕੀਆਂ ਨੂੰ ਪਿੰਡੋਂ 10-15 ਕਿਲੋਮੀਟਰ ਦੂਰ ਪੜ੍ਹਨ ਭੇਜਣ ਲਈ ਤਿਆਰ ਨਹੀਂ।
ਜ਼ਿਲਾ ਗੁਰਦਾਸਪੁਰ 'ਚ ਰਾਵੀ ਦਰਿਆ ਦੇ ਪਾਰ ਵਸੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਲਈ ਸਿੱਖਿਆ ਸੰਬੰਧੀ ਮਿਲੀਆਂ ਸਹੂਲਤਾਂ 'ਤੇ ਜਦੋਂ ਬਾਰੀਕੀ ਨਾਲ ਨਜ਼ਰ ਮਾਰੀ ਜਾਵੇ ਤਾਂ ਸਰਕਾਰ ਵੱਲੋਂ ਸਿੱਖਿਆ ਸੰਬੰਧੀ ਕੀਤੇ ਜਾ ਰਹੇ ਹਰ ਤਰ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਗਲਤ ਸਿੱਧ ਹੁੰਦੇ ਹਨ।
ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਪਾਰ ਭਾਰਤੀ ਇਲਾਕੇ ਭਰਿਆਲ 'ਚ 45 ਸਾਲ ਪਹਿਲਾਂ ਇਕ ਮਿਡਲ ਸਕੂਲ ਬਣਾਇਆ ਗਿਆ ਸੀ। ਇਸ ਸਕੂਲ ਨੂੰ ਅਪਗਰੇਡ ਕਰਨ ਸੰਬੰਧੀ ਹਰ ਸਰਕਾਰ ਦੇ ਸ਼ਾਸਨ ਵਿਚ ਮੰਗ ਉੱਠੀ। ਬੇਸ਼ੱਕ ਇਸ ਇਲਾਕੇ ਵਿਚ ਜ਼ਿਆਦਾਤਰ ਸਮਾਂ ਕਾਂਗਰਸ ਪਾਰਟੀ ਦਾ ਹੀ ਵਿਧਾਇਕ ਬਣਿਆ ਪਰ ਤਿੰਨ ਵਾਰ ਭਾਜਪਾ ਦਾ ਵਿਧਾਇਕ ਵੀ ਬਣਿਆ ਪਰ ਉਸ ਦੇ ਬਾਵਜੂਦ ਇਹ ਸਕੂਲ ਅੱਜ ਤੱਕ ਅਪਗਰੇਡ ਨਹੀਂ ਹੋਇਆ।
ਇਹੀ ਕਾਰਨ ਹੈ ਕਿ ਇਸ ਇਲਾਕੇ ਦੇ ਬੱਚਿਆਂ ਨੂੰ ਅੱਠਵੀਂ ਦੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਦੀਨਾਨਗਰ, ਬਹਿਰਾਮਪੁਰ ਜਾਂ ਹੋਰ ਸ਼ਹਿਰਾਂ 'ਚ ਸਿੱਖਿਆ ਪ੍ਰਾਪਤ ਕਰਨ ਲਈ ਜਾਣਾ ਪੈਂਦਾ ਹੈ। ਜਦੋਂ ਬਰਸਾਤੀ ਮੌਸਮ ਹੁੰਦਾ ਹੈ ਤਾਂ ਰਾਵੀ ਦਰਿਆ 'ਤੇ ਬਣਿਆ ਪਲਟੂਨ ਪੁਲ ਵੀ ਖੋਲ੍ਹਣ ਕਾਰਨ ਇਸ ਇਲਾਕੇ ਦੇ ਲੋਕਾਂ ਲਈ ਸਿਰਫ ਕਿਸ਼ਤੀ ਹੀ ਇਕ ਮਾਤਰ ਸਾਧਨ ਰਹਿ ਜਾਂਦਾ ਹੈ। ਲੜਕੀਆਂ ਲਈ ਦਰਿਆ ਪਾਰ ਕਰ ਕੇ ਹਰ ਰੋਜ਼ ਸਿੱਖਿਆ ਪ੍ਰਾਪਤ ਕਰਨ ਲਈ ਆਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਇਸ ਸਕੂਲ ਵਿਚ ਅਧਿਆਪਕਾਂ ਦੀ ਕਮੀ ਵੀ ਹਮੇਸ਼ਾ ਰਹਿੰਦੀ ਹੈ। ਲੋਕਾਂ ਨੇ ਬੀਤੇ ਸਮੇਂ ਦੀ ਤਰ੍ਹਾਂ ਹੁਣ ਫਿਰ ਸਕੂਲ ਨੂੰ ਅਪਗਰੇਡ ਕਰਨ ਦੀ ਮੰਗ ਕੀਤੀ ਹੈ।
ਪੈਟਰੋਲ ਪੰਪ ਡਕੈਤੀ ਦਾ ਚੌਥਾ ਮੁਲਜ਼ਮ ਗ੍ਰਿਫਤਾਰ
NEXT STORY