ਮਾਨਸਾ (ਜੱਸਲ) : ਸਰਕਾਰੀ ਹਾਈ ਸਕੂਲ ਤਾਮਕੋਟ ਦੇ ਬਰਾਂਡਿਆਂ ’ਚੋਂ ਇਕ ਨੌਜਵਾਨ ਮਜ਼ਦੂਰ ਦੀ ਲਾਸ਼ ਮਿਲੀ ਹੈ। ਉਸਦੇ ਮੌਤ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਪਰਿਵਾਰ ਨੇ ਉਸਦੇ ਕਤਲ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਠੂਠਿਆਂਵਾਲੀ ਪੁਲਸ ਚੌਂਕੀ ਨੇ ਲਾਸ਼ ਬਰਾਮਦਗੀ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੇ ਵੇਰਵਿਆਂ ਅਨੁਸਾਰ ਪਿੰਡ ਤਾਮਕੋਟ ਦਾ ਪੱਲੇਦਾਰ ਮਜ਼ਦੂਰ ਅੰਮ੍ਰਿਤਪਾਲ ਸਿੰਘ (25) ਪੁੱਤਰ ਜਰਨੈਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਵਾਲੇ ਸਾਥੀਆਂ ਨਾਲ ਬੀਤੀ ਕੱਲ੍ਹ ਘਰੋਂ ਗਿਆ ਪਰ ਰਾਤ ਘਰ ਨਾ ਪਰਤਿਆ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅਕਸਰ ਕੰਮ ’ਤੇ ਕਈ-ਕਈ ਰਾਤਾਂ ਬਾਹਰ ਰਹਿ ਲੈਂਦਾ ਸੀ।
ਸ਼ੁੱਕਰਵਾਰ ਦੀ ਸਵੇਰ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਬਰਾਂਡਿਆਂ ’ਚ ਕਿਸੇ ਨੌਜਵਾਨ ਦੀ ਲਾਸ਼ ਪਈ ਹੋਣ ਦਾ ਰੌਲਾ ਪਿਆ, ਤਾਂ ਉਨ੍ਹਾਂ ਦੇਖਿਆ ਕਿ ਮ੍ਰਿਤਕ ਨੌਜਵਾਨ ਉਨ੍ਹਾਂ ਦਾ ਪੁੱਤਰ ਸੀ। ਮ੍ਰਿਤਕ ਦੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੁੱਝ ਵਿਅਕਤੀਆਂ ’ਤੇ ਸ਼ੱਕ ਹੈ। ਪੁਲਸ ਨੇ ਅੰਮ੍ਰਿਤਪਾਲ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਲਈ। ਰਾਜ ਸਿੰਘ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਹਰੋਂ ਕਤਲ ਕਰ ਕੇ ਉਸਦੀ ਲਾਸ਼ ਲਿਆ ਕੇ ਸਕੂਲ ’ਚ ਰੱਖ ਦਿੱਤੀ ਗਈ ਹੋਵੇ। ਉਨ੍ਹਾਂ ਪੁਲਸ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਮਾਮਲਾ ਕਤਲ ਦਾ ਹੈ। ਪੁਲਸ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ ਅਤੇ ਸਾਰੇ ਪਹਿਲੂਆਂ ਤੋਂ ਇਸ ਦੀ ਜਾਂਚ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
NEXT STORY