ਚੰਡੀਗੜ੍ਹ - ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਸਿਆਸੀ ਜੰਗ ਛਿੜ ਗਈ ਹੈ। ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੀ ਫੇਸਬੁੱਕ 'ਤੇ ਰੰਧਾਵਾ ੇ ਖਿਲਾਫ ਟਿੱਪਣੀ ਕਰਦਿਆਂ ਲਿਖਿਆ ਹੈ, ''ਮੈਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਸ ਵਿਚ ਹਿੰਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰ ਕੇ ਵਿਖਾਵੇ, ਨਹੀਂ ਤਾਂ ਅਕਾਲੀ-ਭਾਜਪਾ ਦੀ ਸਰਕਾਰ ਬਣਨ 'ਤੇ ਉਨ੍ਹਾਂ ਦੇ ਕਹਿਣ 'ਤੇ ਹੀ ਰੰਧਾਵਾ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਾਵੇਗਾ, ਜਿਨ੍ਹਾਂ 'ਤੇ ਰੰਧਾਵਾ ਨੇ ਜ਼ੁਲਮ ਕਰਵਾਏ ਹਨ।''
ਮਜੀਠੀਆ ਨੇ ਫੇਸਬੁੱਕ 'ਤੇ ਇਹ ਵੀ ਲਿਖਿਆ ਹੈ,'' ਕਿੰਨੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦਲਿਤਾਂ ਦੇ ਨਾਂ 'ਤੇ ਵੋਟਾਂ ਮੰਗ ਕੇ ਅਸਲ ਵਿਚ ਉਨ੍ਹਾਂ ਦੇ ਖਿਲਾਫ ਕੰਮ ਕਰ ਰਹੀ ਹੈ। ਦਲਿਤਾਂ 'ਤੇ ਸਿਰਫ ਜ਼ੁਲਮ ਹੋ ਰਹੇ ਹਨ, ਜਦੋਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਉਨ੍ਹਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।''
ਦੂਜੇ ਪਾਸੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ਨੇ ਮਜੀਠੀਆ ਨੂੰ ਫੇਸਬੁੱਕ 'ਤੇ ਹੀ ਜਵਾਬ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ। ਰੰਧਾਵਾ ਨੇ ਮਜੀਠੀਆ ਨੂੰ ਡਰਪੋਕ ਆਗੂ ਕਰਾਰ ਦਿੰਦਿਆਂ ਕਿਹਾ ਕਿ ਉਹ ਨਿਰਾਸ਼ਾ ਦੀ ਹਾਲਤ ਵਿਚ ਕਾਂਗਰਸ 'ਤੇ ਬਦਲੇ ਦੀ ਭਾਵਨਾ ਨਾਲ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾ ਰਹੇ ਹਨ ਕਿਉਂਕਿ ਇਸ ਸਮੇਂ ਹਰ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਲਈ ਮਜੀਠੀਆ ਨੂੰ ਦੋਸ਼ੀ ਦੱਸ ਰਿਹਾ ਹੈ।
ਰੰਧਾਵਾ ਦੇ ਨਾਲ-ਨਾਲ ਹੋਰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ, ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ, ਭਾਰਤ ਭੂਸ਼ਨ ਆਸ਼ੂ, ਹਰਪ੍ਰਤਾਪ ਅਜਨਾਲਾ, ਧਰਮਵੀਰ ਅਗਨੀਹੋਤਰੀ, ਤਰਸੇਮ ਸਿੰਘ ਡੀ. ਸੀ. ਤੇ ਹੋਰਨਾਂ ਨੇ ਇਕ ਬਿਆਨ ਵਿਚ ਕਿਹਾ ਕਿ ਮਜੀਠੀਆ ਤੋਂ ਇਸ ਸਮੇਂ ਪੂਰਾ ਪੰਜਾਬ ਨਫਰਤ ਕਰਦਾ ਹੈ। ਕਾਂਗਰਸੀ ਵਿਧਾਇਕਾਂ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਕਾਂਗਰਸ ਮਜੀਠੀਆ ਨੂੰ ਉਸਦੇ ਗੁਨਾਹਾਂ ਤੋਂ ਭੱਜਣ ਨਹੀਂ ਦੇਵੇਗੀ ਤੇ ਜੇਲ ਜਾਣ ਦੀ ਮਜੀਠੀਆ ਦੀ ਤਮੰਨਾ ਨੂੰ ਪੂਰਾ ਕੀਤਾ ਜਾਵੇਗਾ। ਪੰਜਾਬ ਵਿਚ ਚਿੱਟਾ ਤਾਂ ਮਜੀਠੀਆ ਦੇ ਇਸ਼ਾਰਿਆਂ 'ਤੇ ਵਿਕਦਾ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਸਪੱਸ਼ਟ ਕਰਨ ਕਿ ਉਸਦੇ ਸਤਪ੍ਰੀਤ ਸੱਤਾ ਨਾਲ ਕੀ ਸੰਬੰਧ ਹਨ। ਉਹ ਭੋਲਾ ਨਸ਼ਾ ਕੇਸ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰਨ ਲਈ ਪੰਜਾਬ ਨਹੀਂ ਆ ਰਿਹਾ। ਮਜੀਠੀਆ ਬੇਕਸੂਰ ਹਨ ਤਾਂ ਸੱਤਾ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਵਿਚ ਸਹਿਯੋਗ ਕਿਉਂ ਨਹੀਂ ਕਰਦੇ।
ਚੋਰ ਗਿਰੋਹ ਦਾ ਪਰਦਾਫਾਸ਼, 12 ਮੈਂਬਰ ਗ੍ਰਿਫਤਾਰ
NEXT STORY