ਅਬੋਹਰ (ਸੁਨੀਲ)–ਅਬੋਹਰ ਵਿਖੇ ਪਿੰਡ ਬੁਰਜ ਮੁਹਾਰ ਨੇੜੇ ਪੰਜਾਵਾ ਮਾਈਨਰ ਵਿਚ ਕਰੀਬ 30 ਫੁੱਟ ਦਾ ਪਾੜ ਪੈਣ ਦਾ ਖ਼ਬਰ ਮਿਲੀ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਖੇਤ ਪਾਣੀ ’ਚ ਡੁੱਬ ਗਏ। ਪਾਣੀ ਭਰਨ ਕਾਰਨ ਕਿਸਾਨਾਂ ਦੀ ਪਰਾਲੀ ਜਿਸ ਤੋਂ ਤੂੜੀ ਬਣਾਈ ਜਾਣੀ ਸੀ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ। ਇੰਨਾ ਹੀ ਨਹੀਂ ਕਿਸਾਨਾਂ ਦੇ ਖੇਤਾਂ ’ਚ ਲਾਏ ਗਏ ਪਾਣੀ ਦੇ ਟਿਊਬਵੈੱਲ ਵੀ ਡੁੱਬ ਗਏ, ਜਿਸ ਨਾਲ ਵੀ ਨੁਕਸਾਨ ਹੋਵੇਗਾ। ਕਿਸਾਨਾਂ ਨੇ ਦੱਸਿਆ ਕਿ ਨਹਿਰ ਟੁੱਟਣ ਤੋਂ ਲਗਭਗ ਚਾਰ ਤੋਂ ਪੰਜ ਘੰਟੇ ਬਾਅਦ ਨਹਿਰ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ: 'ਨਸ਼ਾ ਮੁਕਤ ਪੰਜਾਬ' ਬਣਾਉਣ ਲਈ ਡੈੱਡਲਾਈਨ ਤੈਅ, DGP ਨੇ ਅਧਿਕਾਰੀਆਂ ਨੂੰ 31 ਮਈ ਤੱਕ ਦਾ ਦਿੱਤਾ ਸਮਾਂ
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਪਿੰਡ ਬੁਰਜ ਮੁਹਾਰ ਨੇੜੇ ਨਿਕਲਦੀ ਪੰਜਾਵਾ ਮਾਈਨਰ ’ਚ 30 ਫੁੱਟ ਦਾ ਕਟਾਅ ਆ ਗਿਆ, ਜਿਹੜਾ ਹੌਲੀ-ਹੌਲੀ ਵਧਦਾ ਗਿਆ। ਕਿਸਾਨ ਜਗਤਾਰ ਸਿੰਘ, ਹਰਜਿੰਦਰ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਨੇੜਲੇ 100 ਏਕੜ ਦੇ ਕਰੀਬ ਖੇਤ ਪਾਣੀ ’ਚ ਡੁੱਬ ਗਏ, ਜਿਸ ਕਾਰਨ ਕਿਸਾਨਾਂ ਦੀ ਪਰਾਲੀ ਪਾਣੀ ’ਚ ਡੁੱਬ ਗਈ। ਪਾਣੀ ਭਰਨ ਕਾਰਨ ਕਿਸਾਨਾਂ ਦੇ ਟਿਊਬਵੈੱਲ ਅਤੇ ਬੋਰਾਂ ’ਚ ਪਾਣੀ ਨਾਲ ਭਰ ਗਿਆ, ਜਿਸ ਨਾਲ ਉਨ੍ਹਾਂ ਨੂੰ ਵੀ ਨੁਕਸਾਨ ਹੋਇਆ। ਨਹਿਰ ਟੁੱਟਣ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ
ਕਿਸਾਨਾਂ ਨੇ ਦੱਸਿਆ ਕਿ ਨਹਿਰ ਟੁੱਟਣ ਦਾ ਕਾਰਨ ਇਹ ਹੈ ਕਿ ਇਕ ਪਾਸੇ ਨਹਿਰ ਬਣੀ ਹੋਈ ਹੈ ਜਦਕਿ ਦੂਜੇ ਪਾਸੇ ਰੇਲਵੇ ਲਾਈਨਾਂ ਹਨ। ਪਟੜੀ ਛੋਟੀ ਅਤੇ ਕਮਜ਼ੋਰ ਹੋਣ ਕਾਰਨ ਨਹਿਰ ਅਕਸਰ ਟੁੱਟ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਨਹਿਰੀ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਅਤੇ ਨਹਿਰ ਦੀ ਪਟੜੀ ਮਜ਼ਬੂਤ ਕਰਨ ਦੀ ਮੰਗ ਕੀਤੀ ਸੀ ਪਰ ਨਹਿਰੀ ਵਿਭਾਗ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਕਿਸਾਨਾਂ ਦਾ ਦੋਸ਼ ਹੈ ਕਿ ਨਹਿਰ ਸਵੇਰੇ 5 ਵਜੇ ਦੇ ਕਰੀਬ ਟੁੱਟ ਗਈ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਸਵੇਰੇ 9 ਵਜੇ ਤੱਕ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ਕਾਰਨ ਕਟਾਅ ਵਧਦਾ ਗਿਆ। ਲਗਭਗ 5 ਘੰਟਿਆਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪਿੱਛੇ ਤੋਂ ਪਾਣੀ ਬੰਦ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕਿਸਾਨਾਂ ਨੇ ਕਿਹਾ ਕਿ ਨਹਿਰ ਟੁੱਟਣ ਕਾਰਨ ਪਾਣੀ ਟੇਲਾਂ ਤੱਕ ਨਹੀਂ ਪਹੁੰਚੇਗਾ। ਇਸ ਲਈ ਟੇਲਾਂ ਵਾਲੇ ਕਿਸਾਨਾਂ ਨੂੰ ਵੀ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਫੇਰਬਦਲ: 1 IPS ਤੇ 2 PPS ਅਧਿਕਾਰੀਆਂ ਦਾ ਤਬਾਦਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਰਾਂ ਦੇ ਹੌਂਸਲੇ ਬੁਲੰਦ! ਇੱਕੋ ਰਾਤ 'ਚ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
NEXT STORY