ਅੱਪਰਾ, (ਦੀਪਾ)- ਬੀਤੇ ਦਿਨ ਸਵੇਰੇ 7 ਵਜੇ ਕਰੀਬੀ ਪਿੰਡ ਕਟਾਣਾ ਤਹਿ. ਫਿਲੌਰ ਵਿਖੇ ਸਥਿਤ ਇਕ ਵਿਵਾਦਿਤ ਜ਼ਮੀਨ 'ਚ ਸਰ੍ਹੋਂ ਦੀ ਫ਼ਸਲ ਦੀ ਕਟਾਈ ਸਬੰਧੀ ਦੋ ਧਿਰਾਂ 'ਚ ਹਿੰਸਕ ਲੜਾਈ ਹੋ ਗਈ ਸੀ, ਇਸ ਦੌਰਾਨ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ। ਇਸ ਸਬੰਧੀ ਕਾਰਵਾਈ ਕਰਦਿਆਂ ਗੁਰਾਇਆ ਦੀ ਪੁਲਸ ਨੇ ਇਕ ਧਿਰ ਦੇ 8 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਮਿੰਦਰ ਸਿੰਘ ਐੱਸ. ਐੱਚ. ਓ. ਗੁਰਾਇਆ ਨੇ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੁਹੱਲਾ ਅਜੀਤ ਨਗਰ ਕਪੂਰਥਲਾ ਹਾਲ ਵਾਸੀ ਕਟਾਣਾ ਨੇ ਦੱਸਿਆ ਕਿ ਉਹ ਪਿਛਲੇ ਲਗਭਗ ਇਕ ਸਾਲ ਤੋਂ ਪਿੰਡ ਕਟਾਣਾ ਵਿਖੇ ਕਿਰਾਏ 'ਤੇ ਕੋਠੀ ਲੈ ਕੇ ਰਹਿ ਰਿਹਾ ਹੈ। ਬਚਿੱਤਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਕਟਾਣਾ ਦੀ ਲਗਭਗ 5 ਏਕੜ 6 ਕਨਾਲ ਜ਼ਮੀਨ ਪਿੰਡ ਕਟਾਣਾ ਵਿਖੇ ਪੈਂਦੀ ਹੈ। ਬਚਿੱਤਰ ਸਿੰਘ ਪੱਕੇ ਤੌਰ 'ਤੇ ਵਿਦੇਸ਼ (ਯੂ. ਕੇ.) ਰਹਿ ਰਿਹਾ ਹੈ। ਬਚਿੱਤਰ ਸਿੰਘ ਨੇ ਇਸ ਜ਼ਮੀਨ ਦੀ ਪਾਵਰ ਆਫ ਅਟਾਰਨੀ ਆਪਣੇ ਲੜਕੇ ਗੁਰਮੁੱਖ ਸਿੰਘ ਦੇ ਨਾਂ ਕੀਤੀ ਹੋਈ ਹੈ ਤੇ ਗੁਰਮੁੱਖ ਸਿੰਘ ਨੇ ਇਸ ਜ਼ਮੀਨ ਦੀ ਪਾਵਰ ਆਫ ਅਟਾਰਨੀ ਮੇਰੇ ਨਾਂ ਕੀਤੀ ਹੋਈ ਹੈ। ਇਸ ਲਈ ਮੈਂ ਹੀ ਉਕਤ ਜ਼ਮੀਨ ਦੀ ਦੇਖ-ਭਾਲ ਕਰਦਾ ਹਾਂ। ਇਸ ਜ਼ਮੀਨ ਸਬੰਧੀ ਮਾਣਯੋਗ ਅਦਾਲਤ ਫਿਲੌਰ ਵਿਖੇ ਵੀ ਕੇਸ ਚੱਲਦਾ ਹੈ।
ਉਸ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਅਮਰਜੀਤ ਉਸ ਜ਼ਮੀਨ 'ਚ ਸਰ੍ਹੋਂ ਦੀ ਫ਼ਸਲ ਕੱਟ ਰਿਹਾ ਹੈ ਤਾਂ ਉਸ ਨੇ ਅਮਰਜੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਮੇਰੇ ਤੇ ਮੇਰੇ ਦੋ ਸਾਥੀਆਂ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।
ਸਬ-ਇੰਸਪੈਕਟਰ ਪਰਮਿੰਦਰ ਸਿੰਘ ਐੱਸ. ਐੱਚ. ਓ. ਗੁਰਾਇਆ ਨੇ ਦੱਸਿਆ ਕਿ ਦਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਮਰਜੀਤ ਸਿੰਘ ਪੁੱਤਰ ਸੁੱਚਾ ਸਿੰਘ, ਜਸਪਾਲ ਸਿੰਘ ਪੁੱਤਰ ਅਮਰਜੀਤ ਸਿੰਘ, ਪਰਮਜੀਤ ਕੌਰ ਪਤਨੀ ਅਮਰਜੀਤ ਸਿੰਘ, ਪਰਮਜੀਤ ਪੁੱਤਰ ਸੁੱਚਾ ਸਿੰਘ, ਭਗਵੰਤ ਸਿੰਘ ਪੁੱਤਰ ਸੁੱਚਾ ਸਿੰਘ ਸਾਰੇ ਵਾਸੀ ਪਿੰਡ ਕਟਾਣਾ, ਅਮਨਦੀਪ ਪੁੱਤਰ ਸੁਰਿੰਦਰ ਪਾਲ ਵਾਸੀ ਪਿੰਡ ਮੰਗੂਵਾਲ ਥਾਣਾ ਸਦਰ ਬੰਗਾ ਤੇ ਦੋ ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਥਾਣਾ ਗੁਰਾਇਆ ਵਿਖੇ ਮੁਕੱਦਮਾ ਦਰਜ ਕਰ ਕੇ ਤਿੰਨ ਕਥਿਤ ਦੋਸ਼ੀਆਂ ਪਰਮਜੀਤ ਪੁੱਤਰ ਸੁੱਚਾ ਸਿੰਘ, ਪਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਤੇ ਅਮਨਦੀਪ ਪੁੱਤਰ ਸੁਰਿੰਦਰਪਾਲ ਵਾਸੀ ਮੰਗੂਵਾਲ ਹਾਲ ਵਾਸੀ ਕਟਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਬ ਇੰਸਪੈਕਟਰ ਪਰਮਿੰਦਰ ਸਿੰਘ ਐੱਸ. ਐੱਚ. ਓ. ਗੁਰਾਇਆ ਨੇ ਦੱਸਿਆ ਕਿ ਦੂਸਰੀ ਧਿਰ ਦੇ ਜ਼ਖਮੀ ਵਿਅਕਤੀ ਭਗਵੰਤ ਸਿੰਘ ਦੇ ਬਿਆਨ ਲੈ ਕੇ ਕਥਿਤ ਦੋਸ਼ੀਆਂ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਮੂਲੀ ਗੱਲ 'ਤੇ ਵਿਦਿਆਰਥੀ ਦੀ ਕੁੱਟ-ਮਾਰ
NEXT STORY