ਮੰਡੀ ਲੱਖੇਵਾਲੀ (ਸੁਖਪਾਲ) - ਭਾਵੇਂ ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ 'ਚ ਆਉਣ ਵਾਲੇ ਨਿੱਕੇ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਸਰਕਾਰ ਦੇ ਇਹ ਅੰਕੜੇ ਸੱਚ ਦੇ ਨੇੜੇ ਨਹੀਂ ਹਨ ਕਿਉਂਕਿ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਸੈਂਟਰਾਂ ਦੇ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ। ਇਸ ਕਰ ਕੇ ਮਾੜਾ ਪਾਣੀ ਪੀਣ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ 4 ਬਲਾਕਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਲੰਬੀ ਅਤੇ ਗਿੱਦੜਬਾਹਾ ਦੇ ਪਿੰਡਾਂ 'ਚ ਧਰਤੀ ਹੇਠਲਾਂ ਪਾਣੀ ਜ਼ਿਆਦਾ ਥਾਵਾਂ 'ਤੇ ਮਾੜਾ ਹੀ ਹੈ। ਪਾਣੀ 'ਚ ਸ਼ੋਰੇ ਅਤੇ ਤੇਜ਼ਾਬ ਦੇ ਤੱਤ ਹਨ, ਜੋ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹਨ। ਪਹਿਲਾਂ ਹੀ ਜ਼ਿਲੇ 'ਚ ਮਾੜਾ ਪਾਣੀ ਹੋਣ ਕਰ ਕੇ ਕੈਂਸਰ, ਕਾਲਾ ਪੀਲੀਆ ਅਤੇ ਹੱਡੀਆਂ ਦੇ ਰੋਗਾਂ ਨੇ ਜ਼ੋਰ ਫੜਿਆ ਹੋਇਆ ਹੈ।
ਕਈ ਸਕੂਲਾਂ 'ਚ ਆਰ. ਓ. ਸਿਸਟਮ ਖਰਾਬ: ਜ਼ਿਲੇ 'ਚ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਜੇਕਰ ਪੀਣ ਲਈ ਸਾਫ਼ ਪਾਣੀ ਨਾ ਮੁਹੱਈਆ ਕਰਵਾਇਆ ਗਿਆ ਤਾਂ ਬੱਚਿਆਂ ਨੂੰ ਬੀਮਾਰੀਆਂ ਲੱਗਣ ਦਾ ਖਤਰਾ ਵੱਧ ਜਾਵੇਗਾ। ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਆਰ. ਓ. ਸਿਸਟਮ ਲਾਏ ਗਏ ਸਨ ਪਰ ਕਈ ਸਕੂਲਾਂ 'ਚ ਇਹ ਸਿਸਟਮ ਖਰਾਬ ਹੋਏ ਪਏ ਹਨ, ਜਿਸ ਕਰ ਕੇ ਬੱਚਿਆਂ ਨੂੰ ਨਲਕਿਆਂ ਦਾ ਪਾਣੀ ਪੀਣਾ ਪੈ ਰਿਹਾ ਹੈ।
ਕਿਸੇ ਵੀ ਆਂਗਣਵਾੜੀ ਸੈਂਟਰ 'ਚ ਨਹੀਂ ਮਿਲਦਾ ਆਰ. ਓ. ਦਾ ਪਾਣੀ : ਜ਼ਿਲੇ ਭਰ 'ਚ ਲਗਭਗ 842 ਆਂਗਣਵਾੜੀ ਸੈਂਟਰ ਚੱਲ ਰਹੇ ਹਨ ਪਰ ਕਿਸੇ ਵਿਰਲੇ ਸੈਂਟਰ ਵਿਚ ਹੀ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਮਿਲ ਰਿਹਾ ਹੈ। ਆਰ. ਓ. ਦਾ ਪਾਣੀ ਤਾਂ ਕਿਸੇ ਵੀ ਸੈਂਟਰ ਵਿਚ ਨਹੀਂ ਮਿਲਦਾ, ਜਿਸ ਕਰ ਕੇ ਸੈਂਟਰਾਂ 'ਚ ਆਉਣ ਵਾਲੇ ਬੱਚਿਆਂ ਨੂੰ ਵੀ ਨਲਕਿਆਂ ਦਾ ਪਾਣੀ ਹੀ ਪੀਣਾ ਪੈ ਰਿਹਾ ਹੈ।
ਸਰਕਾਰ ਦੇਵੇ ਧਿਆਨ : ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਨੰਨ੍ਹੇ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਲਈ ਸਕੂਲਾਂ ਦੀਆਂ ਕਮੇਟੀਆਂ ਅਤੇ ਪੰਚਾਇਤਾਂ ਦਾ ਸਹਿਯੋਗ ਲੈ ਲੈਣਾ ਚਾਹੀਦਾ ਹੈ।
50 ਪਰਿਵਾਰ ਕਾਂਗਰਸ 'ਚ ਸ਼ਾਮਲ
NEXT STORY