ਚੰਡੀਗੜ੍ਹ (ਰਜਿੰਦਰ) : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਛੇਤੀ ਹੀ 24 ਘੰਟੇ ਵਾਟਰ ਸਪਲਾਈ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਣ ਦੀ ਉਮੀਦ ਉੱਠੀ ਹੈ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਨੇ ਲਾਂਗ ਟਰਮ ਟੈਕਨੀਕਲ ਐਡਵਾਈਜ਼ਰ ਨੂੰ ਜੂਨ ਮਹੀਨੇ ਤੱਕ ਫਾਈਨਲ ਕਰਨ ਦੀ ਤਿਆਰੀ ਕਰ ਲਈ ਹੈ। ਇਸ ਕੰਮ ਲਈ ਕਰੀਬ 6 ਏਜੰਸੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਨੂੰ ਕੰਮ ਅਲਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਗਮ ਅਗਲੇ ਹਫ਼ਤੇ ਰਿਕਵੈਸਟ ਫਾਰ ਕੁਆਲੀਫਿਕੇਸ਼ਨ ਵੀ ਜਾਰੀ ਕਰੇਗਾ। ਪਿਛਲੇ ਸਾਲ ਨਗਰ ਨਿਗਮ ਅਤੇ ਫਰੈਂਚ ਡਿਵੈਲਪਮੈਂਟ ਏਜੰਸੀ ਵਿਚਕਾਰ ਫਾਈਨਲ ਪ੍ਰਾਜੈਕਟ ਐਗਰੀਮੈਂਟ ਸਾਈਨ ਹੋਇਆ ਸੀ। ਇਸ ਸਬੰਧੀ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਫੇਜ਼ 'ਚ ਸੈਕਟਰ-1 ਤੋਂ ਲੈ ਕੇ 30 ਤੱਕ ਦੇ ਲੋਕਾਂ ਨੂੰ ਲਾਭ ਮਿਲੇਗਾ। ਇਨ੍ਹਾਂ ਸੈਕਟਰਾਂ 'ਚ ਦਸੰਬਰ 2024 ਤੱਕ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ’ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੇ ਵਿਚਕਾਰ ਕੰਸਲਟੈਂਟ ਨੂੰ ਕੰਮ ਅਲਾਟ ਕਰ ਦਿੱਤਾ ਜਾਵੇਗਾ, ਤਾਂ ਕਿ ਅੱਗੇ ਕੰਮ ਸ਼ੁਰੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼, BSF ਨੇ ਡਿਗਾਇਆ ਇਕ ਹੋਰ ਡਰੋਨ (ਤਸਵੀਰਾਂ)
ਕੰਸਲਟੈਂਟ ਅਗਲੇ ਪੰਜ ਸਾਲ ਤੱਕ ਨਿਗਮ ਨੂੰ ਪ੍ਰਾਜੈਕਟ 'ਚ ਆਪਣਾ ਸਹਿਯੋਗ ਦੇਵੇਗਾ। ਉਨ੍ਹਾਂ ਦੱਸਿਆ ਕਿ ਰਿਕਵੈਸਟ ਫਾਰ ਕੁਆਲੀਫਿਕੇਸ਼ਨ ਨੂੰ ਅਗਲੇ ਹਫ਼ਤੇ ਤੱਕ ਜਾਰੀ ਕਰ ਦਿੱਤਾ ਜਾਵੇਗਾ ਅਤੇ ਏਜੰਸੀ ਨੂੰ 15 ਸਾਲ ਲਈ ਫਾਈਨਲ ਕੀਤਾ ਜਾਵੇਗਾ, ਜੋ ਡਿਜ਼ਾਇਨ ਬਿਲਡ ਆਪਰੇਟ (ਡੀ. ਬੀ. ਓ.) ਦੇ ਆਧਾਰ ’ਤੇ ਕੰਮ ਕਰੇਗੀ। 2024 ਤੱਕ ਪਹਿਲਾ ਫੇਜ਼ ਪੂਰਾ ਕਰਨ ਤੋਂ ਬਾਅਦ ਪੂਰੇ ਸ਼ਹਿਰ 'ਚ 2028 ਤੱਕ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਟੀਚਾ ਹੈ। ਪੂਰੇ ਸ਼ਹਿਰ 'ਚ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 591 ਕਰੋੜ ਰੁਪਏ ਦੇ ਕਰੀਬ ਹੈ। ਇਸ ਲਈ ਨਿਗਮ ਫਰੈਂਚ ਡਿਵੈਲਪਮੈਂਟ ਏਜੰਸੀ ਤੋਂ ਕਰਜ਼ਾ ਲੈ ਰਿਹਾ ਹੈ, ਜੋ 412 ਕਰੋੜ ਰੁਪਏ ਦੇ ਕਰੀਬ ਹੈ। ਇਸਨੂੰ 15 ਸਾਲਾਂ ’ਚ ਵਾਪਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਵੀ ਪ੍ਰਾਜੈਕਟ ਲਈ 100 ਕਰੋੜ ਰੁਪਏ ਦੀ ਗ੍ਰਾਂਟ ਦੇਵੇਗੀ, ਜਦੋਂ ਕਿ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਕੁੱਲ ਲਾਗਤ ਦਾ 68 ਕਰੋੜ ਸਹਿਣ ਕਰੇਗਾ। ਪ੍ਰਾਜੈਕਟ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ, ਜਿਸ ਲਈ ਸ਼ਹਿਰ ਨੂੰ 55 ਜ਼ਿਲ੍ਹਾ ਮੀਟਰਿੰਗ ਏਰੀਏ 'ਚ ਵੰਡਿਆ ਜਾਵੇਗਾ।
ਇਹ ਵੀ ਪੜ੍ਹੋ : ਕਵਰਡ ਗੋਦਾਮਾਂ 'ਚ ਭੰਡਾਰ ਹੋਵੇਗਾ ਪੰਜਾਬ ਦਾ ਵਾਧੂ ਅਨਾਜ, ਮੰਗੇ ਗਏ ਟੈਂਡਰ
ਵਰਕਿੰਗ ਔਰਤਾਂ ਲਈ ਵੀ ਪ੍ਰਾਜੈਕਟ ਫ਼ਾਇਦੇਮੰਦ
ਇਸ ਪ੍ਰਾਜੈਕਟ ਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਜਾ ਰਿਹਾ ਹੈ, ਤਾਂ ਕਿ ਵਰਕਿੰਗ ਔਰਤਾਂ ਲਈ ਵੀ ਫ਼ਾਇਦੇਮੰਦ ਹੋਵੇ। ਨੌਕਰੀ ਪੇਸ਼ੇ ਵਾਲੀਆਂ ਔਰਤਾਂ ਨੂੰ ਘਰੇਲੂ ਕੰਮ ਸਮੇਂ ਮੁਤਾਬਕ ਮੈਨੇਜ ਕਰਨੇ ਪੈਂਦੇ ਹਨ ਪਰ ਉਸ ਸਮੇਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪ੍ਰਾਜੈਕਟ ਤਹਿਤ 24 ਘੰਟੇ ਪਾਣੀ ਦੀ ਸਪਲਾਈ ਉਪਲੱਬਧ ਹੋਵੇਗੀ, ਜਿਸ 'ਚ ਕੱਪੜਿਆਂ ਤੇ ਭਾਂਡਿਆਂ ਸਮੇਤ ਹੋਰ ਘਰੇਲੂ ਕੰਮ ਕਰਨ ਵਿਚ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਪੁਨਰਵਾਸ ਅਤੇ ਹੋਰ ਕਾਲੋਨੀਆਂ, ਜਿੱਥੇ ਪਾਣੀ ਦੀ ਮੁਸ਼ਕਲ ਹੈ, ਉੱਥੇ ਟਿਊਬਵੈੱਲ ਤੋਂ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ, ਤਾਂ ਜੋ ਉੱਥੇ ਵੀ ਔਰਤਾਂ ਸਮੇਂ ਸਿਰ ਆਪਣੇ ਕੰਮ ਕਰ ਸਕਣ। ਕਾਲੋਨੀਆਂ 'ਚ ਹੈਂਡ ਪੰਪਾਂ ’ਤੇ ਮਲਟੀ ਟੈਪ ਲਾਈਆਂ ਜਾਣਗੀਆਂ, ਤਾਂ ਜੋ ਪਾਣੀ ਉਪਲੱਬਧ ਹੋਣ ਕਾਰਨ ਸਾਰੀਆਂ ਔਰਤਾਂ ਦੇ ਸਮੇਂ ਸਿਰ ਕੰਮ ਹੋ ਸਕਣ। ਜੇਕਰ ਇਕ ਲਾਈਨ ਤੋਂ ਪਾਣੀ ਦੀ ਮੁਸ਼ਕਲ ਆਵੇਗੀ ਤਾਂ ਤੁਰੰਤ ਦੂਜੀ ਨਾਲ ਜੋੜ ਦਿੱਤਾ ਜਾਵੇਗਾ, ਤਾਂ ਜੋ ਪਾਣੀ ਦੀ ਸਪਲਾਈ ਰੁਕੇ ਨਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁਕਤਸਰ ਦੀ ਨਾਮਿਆ ਮਿੱਡਾ ਨੇ ਜਿੱਤਿਆ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖਿਤਾਬ
NEXT STORY