ਫ਼ਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ, ਸੋਨੂੰ) - ਹੁਸੈਨੀਵਾਲਾ ਸਥਿਤ ਸ਼ਹੀਦਾਂ ਦੀ ਯਾਦਗਾਰ 'ਤੇ ਅੱਜ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਫਿਰੋਜ਼ਪੁਰ ਦਿਹਾਤੀ ਹਲਕੇ ਦੀ ਵਿਧਾਇਕਾ ਸ਼੍ਰੀਮਤੀ ਸਤਿਕਾਰ ਕੌਰ ਅਤੇ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਬੀ. ਕੇ. ਦੱਤ ਅਤੇ ਸਰਦਾਰ ਭਗਤ ਸਿੰਘ ਦੀ ਮਾਤਾ ਦੀਆਂ ਯਾਦਗਾਰਾਂ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ, ਡੀ. ਆਈ. ਜੀ. ਰਜਿੰਦਰ ਸਿੰਘ, ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਡਿਪਟੀ ਕਮਿਸ਼ਨਰ ਰਾਮਵੀਰ ਅਤੇ ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ ਆਦਿ ਵੀ ਮੌਜੂਦ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਨੌਜਵਾਨ ਸਸ਼ਕਤੀਕਰਨ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮੌਜੂਦ ਲੋਕਾਂ ਨੂੰ ਨਸ਼ੇ ਤਿਆਗਣ ਅਤੇ ਸਮਾਜ ਨੂੰ ਨਸ਼ਾ ਛੱਡਣ ਸਬੰਧੀ ਜਾਗਰੂਕ ਕਰਨ ਦੇ ਲਈ ਸਹੁੰ ਚੁੱਕਵਾਈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਿਸ ਆਜ਼ਾਦ ਭਾਰਤ ਦਾ ਸੁਪਨਾ ਦੇਖਦੇ ਸਾਨੂੰ ਆਜ਼ਾਦੀ ਦਿਵਾਈ ਸੀ, ਅਸੀਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੇ, ਇਸ ਲਈ ਅਸੀਂ ਸਾਰੇ ਸ਼ਰਮਸਾਰ ਹਾਂ ਅਤੇ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਦੇ ਹਾਂ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਦੇ ਇਸ ਇਤਿਹਾਸਿਕ ਸਥਾਨ 'ਤੇ ਪੰਜਾਬ 'ਚੋਂ ਨਸ਼ਾ, ਬੇਰੋਜ਼ਗਾਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਵਿਕਾਸ ਦੀ ਰਾਹ 'ਤੇ ਲਿਆ ਖੜ੍ਹਾ ਕਰਨ ਦਾ ਸਕੰਲਪ ਲੈਂਦੇ ਹਾਂ। ਉਨ੍ਹਾਂ ਨੇ ਸ਼ਹੀਦੀ ਕਾਨਫਰੰਸ ਵਿਚ ਆਮ ਲੋਕਾਂ ਦੀ ਘੱਟ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਕਿਹਾ ਕਿ ਜਿਨ੍ਹਾਂ ਦੇਸ਼ ਭਗਤਾਂ ਨੇ ਸਾਨੂੰ ਆਜ਼ਾਦ ਕਰਵਾਉਣ ਦੇ ਲਈ ਹੱਸਦੇ-ਹੱਸਦੇ ਫਾਂਸੀ ਦੇ ਫੰਦਿਆਂ ਨੂੰ ਚੁੰਮ ਲਿਆ, ਉਨ੍ਹਾਂ ਦੀ ਸ਼ਹੀਦੀ ਕਾਨਫਰੰਸ ਵਿਚ ਘੱਟੋ-ਘੱਟ ਇਕ ਕਰੋੜ ਲੋਕ ਪਹੁੰਚਣੇ ਚਾਹੀਦੇ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਮੰਗ ਕਰਨ 'ਤੇ ਜਿਮ ਦੇ ਲਈ ਉਨ੍ਹਾਂ ਨੂੰ 25 ਲੱਖ ਦਾ ਚੈੱਕ ਸੌਂਪਿਆ ਅਤੇ ਸ਼ਹਿਰੀ ਤੇ ਦਿਹਾਤੀ ਵਿਧਾਨ ਸਭਾ ਬਾਰਡਰ ਦੇ ਖੇਤਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੇ ਲਈ ਇਕ ਕਰੋੜ, ਆਧੁਨਿਕ ਐਂਬੂਲੈਂਸ ਦੇ ਲਈ 25 ਲੱਖ ਅਤੇ ਗਾਰਡਨ ਜਿਮਾਂ ਦੇ ਲਈ 50 ਲੱਖ ਰੁਪਏ ਜਲਦ ਭੇਜਣ ਦਾ ਪਰਮਿੰਦਰ ਸਿੰਘ ਪਿੰਕੀ ਨੂੰ ਭਰੋਸਾ ਦਿੱਤਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕੁਲਬੀਰ ਸਿੰਘ ਜ਼ੀਰਾ ਅਤੇ ਸ਼੍ਰੀਮਤੀ ਸਤਿਕਾਰ ਕੌਰ ਨੇ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਸ਼ਹੀਦ ਸਾਡਾ ਮਾਰਗ ਦਰਸ਼ਨ ਕਰਦੇ ਹਨ ਤੇ ਇਨ੍ਹਾਂ ਸ਼ਹੀਦਾਂ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲਦੇ ਹੋਏ ਅਸੀਂ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਸ ਮੌਕੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਸਮਾਰੋਹ ਵਿਚ ਐੱਚ. ਐੱਸ. ਬਿੱਟੂ ਸਾਂਗਾ, ਚਮਕੌਰ ਸਿੰਘ ਸਿੰਘ ਢੀਂਡਸਾ ਜ਼ਿਲਾ ਕਾਂਗਰਸ ਪ੍ਰਧਾਨ, ਹਰਿੰਦਰ ਸਿੰਘ ਖੋਸਾ, ਗੁਲਸ਼ਨ ਮੋਂਗਾ, ਗੁਰਨੈਬ ਸਿੰਘ ਬਰਾੜ ਆਦਿ ਵੀ ਮੌਜੂਦ ਸਨ। ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਬੀ. ਕੇ. ਦੱਤ ਦੀ ਪਰਿਵਾਰਕ ਮੈਂਬਰ ਡਾਕਟਰ ਭਾਰਤੀ ਅਤੇ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਫਿਰੋਜ਼ਪੁਰ ਦੇ ਨੌਜਵਾਨ ਫੌਜੀ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ।
ਪੰਜਾਬ 'ਚ ਬਦਲ ਦੇ ਤੌਰ 'ਤੇ ਤੀਜੇ ਫਰੰਟ ਦੀ ਜ਼ਰੂਰਤ : ਛੋਟੇਪੁਰ
NEXT STORY