ਲੁਧਿਆਣਾ (ਜ.ਬ.) : ਸਲੇਮ ਟਾਬਰੀ ਇਲਾਕੇ 'ਚ ਵਿਆਹ ਦੀ ਇਕ ਪਾਰਟੀ ਦੌਰਾਨ ਐਤਵਾਰ ਰਾਤ ਨੂੰ ਨਸ਼ੇ ਵਿਚ ਟੱਲੀ ਹੋ ਕੇ 2 ਥਾਵਾਂ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇਲਾਕਾ ਪੁਲਸ ਨੇ ਲਾੜੇ ਸਚਿਨ ਗੌਰ ਅਤੇ ਉਸ ਦੇ ਸਾਥੀਆਂ 'ਤੇ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਮੁਲਜ਼ਮਾਂ ਵਿਚ ਇਕ ਵਕੀਲ ਵੀ ਹੈ। ਇਹ ਕੇਸ ਸਬ-ਇੰਸਪੈਕਟਰ ਮਨਜੀਤ ਸਿੰਘ ਦੀ ਤਹਿਰੀਰ 'ਤੇ ਦਰਜ ਹੋਇਆ ਹੈ।
ਮਨਜੀਤ ਨੇ ਦੱਸਿਆ ਕਿ ਨਵਨੀਤ ਨਗਰ ਦੇ ਸਚਿਨ ਦਾ ਵਿਆਹ ਸੀ, ਜਿਸ ਦੀ ਖੁਸ਼ੀ ਵਿਚ ਉਸ ਨੇ ਪਾਰਟੀ ਰੱਖੀ ਹੋਈ ਸੀ, ਜਿਸ ਵਿਚ ਉਸ ਦੇ ਕਈ ਦੋਸਤ ਅਤੇ ਰਿਸ਼ਤੇਦਾਰ ਆਏ ਹੋਏ ਸਨ। ਜਿੱਥੇ ਸ਼ਰਾਬ ਪੀਣ ਤੋਂ ਬਾਅਦ ਸਚਿਨ ਦੇ ਦੋਸਤਾਂ ਨੇ ਪਹਿਲਾਂ ਪਾਰਟੀ ਅਤੇ ਫਿਰ ਲਾਲੀ ਦੇ ਢਾਬੇ 'ਤੇ ਜਾ ਕੇ ਗੋਲੀਆਂ ਚਲਾਈਆਂ। ਅਜਿਹਾ ਕਰਕੇ ਮੁਲਜ਼ਮਾਂ ਨੇ ਜਿੱਥੇ ਇਕ ਪਾਸੇ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ, ਨਾਲ ਹੀ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਮਨਜੀਤ ਨੇ ਦੱਸਿਆ ਕਿ ਸਚਿਨ ਤੋਂ ਇਲਾਵਾ ਇਸ ਕੇਸ ਵਿਚ ਰਿੱਕੀ, ਅਮਿਤ, ਬੌਬੀ, ਜੋਸ਼ੀ, ਕਮਲ, ਮੇਸ਼ੀ ਅਤੇ ਦੇਸਾ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਖ਼ਿਲਾਫ਼ ਭਾਰਤੀ ਦੰਡ ਕੋਡ ਦੀ ਧਾਰਾ 336, 160 ਅਤੇ ਆਰਮਜ਼ ਐਕਟ 25,27-54-59 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਰ ਕਰ ਲਿਆ ਜਾਵੇਗਾ। ਉਧਰ, ਪੁਲਸ ਸੂਤਰਾਂ ਨੇ ਦੱਸਿਆ ਕਿ ਜਿਸ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀਆਂ ਚਲਾਈਆਂ ਗਈਆਂ, ਉਹ ਰਿੱਕੀ ਦੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸਬੰਧਤ ਵਿਭਾਗ ਅਤੇ ਥਾਣੇ ਤੋਂ ਉਸ ਦੇ ਰਿਵਾਲਵਰ ਦੀ ਡਿਟੇਲ ਕਢਵਾਈ ਜਾ ਰਹੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਅਮਲ ਵਿਚ ਲਿਆਂਦੀ ਜਾਵੇਗੀ।
ਪੁਲਸ 'ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼
ਮੇਸ਼ੀ ਅਤੇ ਦੇਸਾ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ 'ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਨਾ ਤਾਂ ਇਹ ਸਚਿਨ ਦੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਨਾ ਕਿਸੇ ਢਾਬੇ 'ਤੇ ਗਏ, ਜਿਸ ਸਮੇਂ ਇਹ ਘਟਨਾ ਵਾਪਰੀ ਉਹ ਦੋਵੇਂ ਘਰ ਵਿਚ ਮੌਜੂਦ ਸਨ। ਉਨ੍ਹਾਂ ਨੇ ਇਸ ਦਾ ਪੁਖਤਾ ਸਬੂਤ ਵੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਪੁਲਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਨੋਟ- ਪਾਬੰਦੀ ਦੇ ਬਾਵਜੂਦ ਵਿਆਹ ਸਮਾਗਮਾਂ 'ਚ ਹੁੰਦੀ ਹਥਿਆਰਾਂ ਦੀ ਵਰਤੋਂ 'ਤੇ ਤੁਹਾਡੀ ਕੀ ਹੈ ਰਾਇ?
ਵਿਦਿਆਰਥਣ ਨੂੰ ਅਗਵਾ ਕਰਨ ਵਾਲਾ ਕਾਬੂ
NEXT STORY