ਮਾਨਸਾ, (ਜੱਸਲ)- ਮਾਨਸਾ ਸ਼ਹਿਰ ’ਚ ਜ਼ਿਲਾ ਪ੍ਰਸ਼ਾਸਨ ਦੀ ਬੇਧਿਆਨੀ ਅਤੇ ਬੇਲਗਾਮ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰ ਕੇ ਛੱਕੇ ਉਡਾਏ ਜਾ ਰਹੇ ਹਨ। ਉਨ੍ਹਾਂ ਨੂੰ ਵਹੀਕਲਾਂ ਦੀ ਤੇਜ਼ ਰਫਤਾਰੀ ਦਰਮਿਆਨ ਕਿਸੇ ਨੂੰ ਵੀ ਸੱਟਾਂ ਲੱਗਣ ਜਾਂ ਜਾਨੀ ਨੁਕਸਾਨ ਹੋਣ ਦੀ ਕੋਈ ਪ੍ਰਵਾਹ ਨਹੀਂ ਹੈ। ਸ਼ਹਿਰ ’ਚ ਭੀਡ਼-ਭਡ਼ੱਕੇ ਵਾਲੀਆਂ ਸਡ਼ਕਾਂ ਅਤੇ ਗਲੀਆਂ ’ਚ ਲੋਕ ਸ਼ਰੇਆਮ ਤੇਜ਼ ਰਫਤਾਰ ਵਹੀਕਲ ਚਲਾਉਦੇ ਅਕਸਰ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਅਾਵਾਰਾ ਪਸ਼ੂ, ਬਾਜ਼ਾਰਾਂ ’ਚ ਕੀਤੇ ਨਾਜਾਇਜ਼ ਕਬਜ਼ੇ ਤੇ ਵੱਡੇ ਵਹੀਕਲਾਂ ਦੀ ਇੰਟਰੀ ਵੀ ਸ਼ਹਿਰ ਅੰਦਰ ਕਾਫੀ ਅਡ਼ਿੱਕਾ ਲਾ ਕੇ ਟਰੈਫਿਕ ਸਮੱਸਿਆ ਪੈਦਾ ਕਰ ਰਹੇ ਹਨ ਅਤੇ ਅਜਿਹੀ ਸਥਿਤੀ ’ਚ ਕਈ ਵਾਰ ਲੋਕ ਸਡ਼ਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਹਿਰ ’ਚ ਬਹੁਤ ਸਾਰੀਆਂ ਟੁੱਟੀਆਂ-ਫੁੱਟੀਆਂ ਸਡ਼ਕਾਂ ਦੁਰਘਟਨਾਵਾਂ ਦਾ ਸਬੱਬ ਬਣ ਰਹੀਆਂ ਹਨ। ਇਹ ਸਮੱਸਿਆ ਉਲਝ ਕੇ ਦਿਨੋਂ ਦਿਨ ਗੰਭੀਰ ਹੋ ਰਹੀ ਹੈ। ਤੇਜ਼ ਰਫਤਾਰ ਵਹੀਕਲਾਂ ’ਤੇ ਕੰਟਰੋਲ ਕਰਨ ਲਈ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।
ਸ਼ਹਿਰ ਵਾਸੀਆਂ ਦੀ ਮੰਗ
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਮਾਨਸਾ ਦੀ ਤਿੰਨਕੋਨੀ ’ਤੇ ਲੱਗੀਆਂ ਟਰੈਫਿਕ ਲਾਈਟਾਂ ਤੁਰੰਤ ਚਲਾਉਣ ਦੇ ਨਾਲ ਨਾਲ ਮਾਨਸਾ ਸ਼ਹਿਰ ਅੰਦਰਲੀ ਟਰੈਫਿਕ ਸਮੱਸਿਆ ਦੇ ਹੱਲ ਲਈ ਚਕੇਰੀਆਂ ਫਾਟਕ ਤੋਂ ਕਚਿਹਰੀ ਵੱਲ ਨਵਾਂ ਬਾਈਪਾਸ ਬਣਾਇਆ ਜਾਵੇ। ਸਿਆਸੀ ਲੋਕ ਸਿਰਫ ਚੋਣਾਂ ਵੇਲੇ ਅਜਿਹੇ ਮੁੱਦੇ ਹਵਾ ’ਚ ਉਛਾਲਦੇ ਹਨ ਪਰ ਸਮਾਂ ਲੰਘਣ ’ਤੇ ਇਹ ਮੁੱਦੇ ਗੁਬਾਰੇ ਵਾਂਗ ਫਿੱਸ ਹੋ ਜਾਂਦੇ ਹਨ।
ਜੇਕਰ ਇਹ ਬਾਈਪਾਸ ਕੱਢ ਦਿੱਤਾ ਜਾਵੇ ਤਾਂ ਸ਼ਹਿਰ ਦੀਆਂ ਅੱਧੀ ਤੋਂ ਜ਼ਿਆਦਾ ਟਰੈਫਿਕ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਦੇ ਨਾਲ ਹੀ ਟਰੈਫਿਕ ਲਾਈਟਾਂ ਦੇ ਚਾਲੂ ਹੋ ਜਾਣ ਨਾਲ ਕਈ ਵੱਡੇ ਹਾਦਸੇ ਹੋਣੋਂ ਟਲ ਸਕਦੇ ਹਨ।
ਕੀ ਕਹਿਣੈ ਡਿਪਟੀ ਕਮਿਸ਼ਨਰ ਦਾ
ਇਸ ਸਬੰਧੀ ਜਦੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਇਨ੍ਹਾਂ ਟਰੈਫਿਕ ਲਾਈਟਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ ਪਰ ਹੁਣ ਉਹ ਇਸ ਸਬੰਧੀ ਜਾਇਜ਼ਾ ਲੈ ਕੇ ਜਲਦੀ ਇਸ ਸਮੱਸਿਆ ਦਾ ਹੱਲ ਕਰ ਦੇਣਗੇ।
ਕਿੱਥੇ-ਕਿੱਥੇ ਹੈ ਇਹ ਸਮੱਸਿਆ
ਮਾਨਸਾ ਸ਼ਹਿਰ ਦੇ ਬੱਸ ਸਟੈਂਡ ਦੇ ਆਸ-ਪਾਸ ਦੀਆਂ ਸ਼ਹਿਰ ਵੱਲ ਜਾਣ ਵਾਲੀਆਂ ਸਡ਼ਕਾਂ ’ਤੇ ਟਰੈਫਿਕ ਸਮੱਸਿਆ ਕਾਫੀ ਜ਼ਿਆਦਾ ਹੈ। ਇਨ੍ਹਾਂ ਸਡ਼ਕਾਂ ’ਤੇ ਭੀਡ਼-ਭਡ਼ੱਕਾ ਅਤੇ ਤੇਜ਼ ਰਫਤਾਰੀ ਵਹੀਕਲਾਂ ਦਾ ਬੋਲਬਾਲਾ ਜ਼ਿਆਦਾ ਹੋਣ ’ਤੇ ਲੰਘਣ ਵਾਲੇ ਲੋਕਾਂ ਨੂੰ ਸਡ਼ਕਾਂ ਪਾਰ ਕਰਨ ਲਈ ਬਡ਼ੀਆਂ ਅੌਕਡ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸ਼ਹਿਰ ’ਚ ਦੇਖਿਆ ਜਾਵੇ ਤਾਂ ਸਿਨੇਮਾ ਰੋਡ ਮਾਰਕੀਟ, ਸ਼ਹਿਰ ਦੇ ਦੋਵਾਂ ਭਾਗਾਂ ਨੂੰ ਜੋਡ਼ਨ ਵਾਲੇ ਪ੍ਰੁਮੱਖ ਰੇਲਵੇ ਫਾਟਕ, ਗਊਸ਼ਾਲਾ ਰੋਡ, ਬਾਰ੍ਹਾਂ ਹੱਟਾਂ ਚੌਕ ਤੋਂ ਇਲਾਵਾ ਸਿਵਲ ਹਸਪਤਾਲ ਤੋਂ ਪੂਰੀ ਵਾਟਰ ਵਰਕਸ ਰੋਡ ’ਤੇ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਕਈ ਥਾਵਾਂ ਨੂੰ ਨੋ ਪਾਰਕਿੰਗ ਐਲਾਨਣ ਦੇ ਬਾਵਜੂਦ ਵਹੀਕਲ ਖਡ਼੍ਹੇ ਦਿਖਾਈ ਦਿੰਦੇ ਹਨ, ਜਿਸ ’ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ। ਸ਼ਹਿਰ ਦੇ ਬਾਰ੍ਹਾਂ ਹੱਟਾਂ ਚੌਕ ’ਚ ਖਡ਼੍ਹੀਆਂ ਨਾਜਾਇਜ਼ ਸਡ਼ਕ ਰੋਕੀ ਬੈਠੀਆਂ ਫਲਾਂ ਸਬਜ਼ੀਆਂ ਦੀਆਂ ਰੇਹਡ਼ੀਆਂ ਨੂੰ ਵੀ ਹਟਾਉਣਾ ਚਾਹੀਦਾ ਹੈ ਕਿਉਂਕਿ ਇਸ ਚੌਕ ’ਚ ਰਸਤਾ ਤੰਗ ਹੋਣ ਕਾਰਨ ਅਵਾਜਾਈ ’ਚ ਕਾਫੀ ਵਿਘਨ ਪੈ ਰਿਹਾ ਹੈ। ਟਰੈਫਿਕ ਪੁਲਸ ਥੋਡ਼੍ਹੀ ਜਿਹੀ ਸਖਤੀ ਲਗਾਤਾਰ ਦਿਖਾਵੇ ਤਾਂ ਮਸਲਾ ਹੱਲ ਵੀ ਹੋ ਸਕਦਾ ਹੈ।
ਅੌਰਤ ਦੀ ਚੇਨ ਖਿੱਚ ਕੇ ਭੱਜਣ ਵਾਲਾ ਪੁਲਸ ਅੜਿੱਕੇ
NEXT STORY