ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਦੇ ਆਪਣੇ ਇਕਲੌਤੇ ਅਭਿਆਸ ਮੈਚ ਵਿੱਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 30 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਵੀਂ ਮੁੰਬਈ ਦੇ ਡੀ.ਵਾਈ. ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡੇ ਗਏ ਇਸ ਹਾਈ-ਸਕੋਰਿੰਗ ਮੁਕਾਬਲੇ ਵਿੱਚ ਦੋਵਾਂ ਟੀਮਾਂ ਵੱਲੋਂ ਕੁੱਲ 450 ਦੌੜਾਂ ਬਣਾਈਆਂ ਗਈਆਂ ਅਤੇ ਪ੍ਰਸ਼ੰਸਕਾਂ ਨੂੰ ਚੌਕਿਆਂ-ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 240 ਦੌੜਾਂ ਦਾ ਪਹਾੜ ਜਿਹਾ ਸਕੋਰ ਖੜ੍ਹਾ ਕਰ ਦਿੱਤਾ। ਇਸ਼ਾਨ ਕਿਸ਼ਨ ਨੇ ਮਹਿਜ਼ 20 ਗੇਂਦਾਂ ਵਿੱਚ 7 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 53 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਤਿਲਕ ਵਰਮਾ ਨੇ 19 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਆਪਣੀ ਫਾਰਮ ਦਾ ਸਬੂਤ ਦਿੱਤਾ। ਕਪਤਾਨ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪਾਂਡਿਆ ਨੇ 30-30 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਅਜੇਤੂ ਰਹੇ। ਅਭਿਸ਼ੇਕ ਸ਼ਰਮਾ 24 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋ ਗਏ। ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ ਭਾਰਤੀ ਬੱਲੇਬਾਜ਼ੀ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ। ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਸਭ ਤੋਂ ਮਹਿੰਗੇ ਸਾਬਤ ਹੋਏ, ਜਿਨ੍ਹਾਂ ਨੇ 3 ਓਵਰਾਂ ਵਿੱਚ 57 ਦੌੜਾਂ ਲੁਟਾਈਆਂ।
ਗੇਂਦਬਾਜ਼ੀ 'ਚ ਅਜ਼ਮਾਏ 9 ਵਿਕਲਪ 241 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਹੀ ਬਣਾ ਸਕੀ। ਅਫ਼ਰੀਕੀ ਟੀਮ ਵੱਲੋਂ ਟ੍ਰਿਸਟਨ ਸਟੱਬਸ ਨੇ ਸਭ ਤੋਂ ਵੱਧ 45* ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਵੱਧ 2 ਵਿਕਟਾਂ ਝਟਕਾਈਆਂ। ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਸ਼ਿਵਮ ਦੁਬੇ ਅਤੇ ਅਰਸ਼ਦੀਪ ਸਿੰਘ ਨੂੰ ਇਕ-ਇਕ ਸਫਲਤਾ ਮਿਲੀ। ਭਾਰਤ ਨੇ ਇਸ ਮੈਚ ਵਿੱਚ ਕੁੱਲ 9 ਗੇਂਦਬਾਜ਼ਾਂ ਨੂੰ ਅਜ਼ਮਾਇਆ, ਹਾਲਾਂਕਿ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੈਦਾਨ ਵਿੱਚ ਨਹੀਂ ਉਤਰੇ।
ਅਭਿਆਸ ਮੈਚ ਵਿੱਚ ਜਿੱਤ ਤੋਂ ਬਾਅਦ ਹੁਣ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਲਬਰੇਜ਼ ਹੈ। ਭਾਰਤ ਹੁਣ ਟੀ-20 ਵਰਲਡ ਕੱਪ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਅਮਰੀਕਾ (USA) ਵਿਰੁੱਧ ਖੇਡੇਗਾ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਇਹ ਟੀਮ ਹੁਣ ਸਿੱਧਾ ਮੈਦਾਨ-ਏ-ਜੰਗ ਵਿੱਚ ਆਪਣੀ ਤਾਕਤ ਦਿਖਾਏਗੀ।
19 ਛੱਕੇ, 240 ਦੌੜਾਂ... ਅਭਿਆਸ ਮੈਚ 'ਚ ਟੀਮ ਇੰਡੀਆ ਨੇ ਅਫਰੀਕੀ ਗੇਂਦਬਾਜ਼ਾਂ ਦਾ ਕੀਤਾ ਬੁਰਾ ਹਾਲ
NEXT STORY