ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਸਕਰੋਦੀ ਵਿਖੇ ਅੱਜ ਸਵੇਰੇ ਖੇਤਾਂ ’ਚ ਅਚਾਨਕ ਅੱਗ ਲੱਗ ਜਾਣ ਕਾਰਨ ਇਕ ਕਿਸਾਨ ਦੀ ਡੇਢ ਏਕੜ ਵਾਢੀ ਲਈ ਤਿਆਰ ਕਣਕ ਦੀ ਫ਼ਸਲ ਅਤੇ 3 ਕਿਸਾਨਾਂ ਦੀ 10 ਏਕੜ ਤੂੜੀ ਬਣਾਉਣ ਯੋਗ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅਰਸ਼ਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਸਕਰੌਦੀ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਕਾਕੜਾ ਤੋਂ ਪਿੰਡ ਸੀਟਾਵਾਲਾ ਨੂੰ ਜਾਂਦੀ ਸੜਕ ਉਪਰ ਸਥਿਤ ਪਿੰਡ ਸਕਰੋਦੀ ਦੀ ਜ਼ਮੀਨ ’ਚ ਠੇਕੇ ’ਤੇ ਜ਼ਮੀਨ ਲੈ ਕੇ ਕਣਕ ਦੀ ਫ਼ਸਲ ਦੀ ਕਾਸਤ ਕੀਤੀ ਸੀ ਤੇ ਅੱਜ ਸਵੇਰੇ ਉਸ ਦੇ ਖੇਤ ’ਚ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਪਿੰਡ ’ਚ ਇਸ ਘਟਨਾ ਸਬੰਧੀ ਅਨਾਊਸਮੈਂਟ ਕਰਵਾਈ ਗਈ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਮੌਕੇ ’ਤੇ ਵੱਡੀ ਗਿਣਤੀ ’ਚ ਪਹੁੰਚੇ ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਕਾਫ਼ੀ ਜਦੋ ਜਹਿਦ ਕਰਕੇ ਇਸ ਅੱਗ ਉਪਰ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕ ਅੱਗ ਦੀ ਇਸ ਘਟਨਾ ’ਚ ਉਸ ਦੀ ਡੇਢ ਏਕੜ ਵਾਢੀ ਲਈ ਤਿਆਰ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਤੇ ਨਾਲ ਹੀ ਉਸ ਦੇ ਨਾਲ ਲਗਦੇ ਤਿੰਨ ਚਾਰ ਹੋਰ ਗੁਆਂਢੀ ਕਿਸਾਨਾਂ ਦੀ 10 ਏਕੜ ਦੇ ਕਰੀਬ ਤੂੜੀ ਬਣਾਉਣ ਯੋਗ ਨਾੜ ਸੜ ਕੇ ਸੁਆਹ ਹੋ ਗਈ।
ਇਸ ਮੌਕੇ ਮੌਜੂਦ ਪੂਰਨ ਸਿੰਘ ਸਕਰੌਦੀ ਅਤੇ ਕਿਸਾਨ ਆਗੂ ਦਵਿੰਦਰ ਸਿੰਘ ਸਕਰੌਦੀ ਸਮੇਤ ਵੱਡੀ ਗਿਣਤੀ ’ਚ ਕਿਸਾਨਾਂ ਨੇ ਸਖ਼ਤ ਰੋਸ਼ ਜ਼ਾਹਿਰ ਕਰਦੇ ਹੋਏ ਦੋਸ਼ ਲਗਾਇਆ ਕਿ ਇਹ ਘਟਨਾ ਖੇਤਾਂ ’ਚ ਬਿਜਲੀ ਸਪਲਾਈ ਦੀਆਂ ਲਾਈਨਾਂ ਦੀਆਂ ਢਿੱਲੀਆਂ ਤਾਰਾਂ ਕਾਰਨ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਥੇ ਖੇਤਾਂ ’ਚੋਂ ਫ਼ਸਲ ਦੀ ਕਟਾਈ ਲਈ ਕੰਬਾਇਨ ਲੰਘ ਰਹੀ ਸੀ ਤਾਂ ਇਥੇ ਬਿਜਲੀ ਸਪਲਾਈ ਦੀਆਂ ਢਿੱਲੀਆਂ ਤਾਰਾਂ ਕਥਿਤ ਤੌਰ ‘ਤੇ ਇਸ ਕੰਬਾਇਨ ਨੂੰ ਛੂਹ ਗਈਆਂ ਅਤੇ ਇਸ ਨਾਲ ਹੋਏ ਸ਼ਾਟ ਸਰਕਟ ਨਾਲ ਖੇਤਾਂ ’ਚ ਅੱਗ ਲੱਗ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਸਬੰਧੀ ਕਈ ਵਾਰ ਬਿਜਲੀ ਵਿਭਾਗ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਵਿਭਾਗ ਵੱਲੋਂ ਹਰ ਵਾਰ ਇਸ ਨੂੰ ਅਣਗੋਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਰਾਂ ਦੇ ਕੰਬਾਇਨ ਨੂੰ ਛੂਹ ਜਾਣ ’ਤੇ ਕੰਬਾਇਨ ’ਚ ਕਰੰਟ ਆਉਣ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਅੰਦਰ ਖੇਤਾਂ ’ਚ ਜਿਥੇ ਵੀ ਬਿਜਲੀ ਸਪਲਾਈ ਦੀਆਂ ਤਾਰਾਂ ਢਿੱਲੀਆਂ ਹਨ ਉਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਅੱਗ ਦੀ ਇਸ ਘਟਨਾ ’ਚ ਕਿਸਾਨਾਂ ਦੇ ਹੋਏ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ।
ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਆਉਣ ਵਾਲੇ ਦਿਨਾਂ ’ਚ ਵਧੇਗਾ ਪਾਰਾ
NEXT STORY