ਅੰਮ੍ਰਿਤਸਰ (ਬਿਊਰੋ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਸੰਗਤਾਂ ਜੀਵਨ ਸਫ਼ਲਾ ਕਰਦੀਆਂ ਹਨ। ਸੰਗਤਾਂ ਦੇ ਮਨ ’ਚ ਇਸ ਪਵਿੱਤਰ ਸਰੋਵਰ ਪ੍ਰਤੀ ਜੋ ਸ਼ਰਧਾ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਸ੍ਰੀ ਹਰਿਮੰਦਰ ਸਾਹਿਬ ’ਚ ਪਵਿੱਤਰ ਜਲ ਕਿੱਥੋਂ ਆਉਂਦਾ ਹੈ, ਇਸ ਬਾਰੇ ਸੰਗਤ ਨੇ ਸੁਣਿਆ ਹੋਵੇਗਾ ਕਿ ਸਰੋਵਰ ’ਚ ਜਲ ਹੰਸਲੀ ਜ਼ਰੀਏ ਆਉਂਦਾ ਹੈ। ਇਸੇ ਨੂੰ ਲੈ ਕੇ ਹੰਸਲੀ ਦੀ ਸੇਵਾ ਕਰਨ ਵਾਲੇ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਆਖਿਰ ਇਸ ਜਲ ਦੀ ਪਵਿੱਤਰਤਾ ਕੀ ਹੈ? ਉਨ੍ਹਾਂ ਦੱਸਿਆ ਕਿ ਇਸ ਜਲ ਦੀ ਸੇਵਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਤੇ ਉਸ ਸਮੇਂ ਬਰਸਾਤੀ ਪਾਣੀ ਜਮ੍ਹਾ ਹੁੰਦਾ ਸੀ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ 32 ਖੂਹ ਲਗਵਾ ਕੇ ਸਰੋਵਰ ਲਈ ਜਲ ਦੀ ਸੇਵਾ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਕ ਸੰਨਿਆਸੀ ਸਾਧੂ ਨੇ ਰਾਵੀ ਦਰਿਆ ’ਚੋਂ ਇਕ ਖਾਲਾ ਪੁੱਟਵਾ ਕੇ ਇਸ ਪਵਿੱਤਰ ਸਰੋਵਰ ਲਈ ਜਲ ਦੀ ਪੂਰਤੀ ਕੀਤੀ।
ਇਹ ਵੀ ਪੜ੍ਹੋ : ਪੂਰਬੀ ਨੇਪਾਲ 'ਚ 6 ਦੀ ਤੀਬਰਤਾ ਨਾਲ ਆਇਆ ਭੂਚਾਲ
ਇਸ ਦੌਰਾਨ ਉਨ੍ਹਾਂ ਦੱਸਿਆ ਕਿ 1917 ਤੋਂ ਬਾਬਾ ਗੁਰਮੁੱਖ ਸਿੰਘ ਵੱਲੋਂ ਉਸ ਸਮੇਂ ਦੇ ਰਾਜਿਆਂ ਮਹਾਰਾਜਾ ਜੀਂਦ, ਮਹਾਰਾਜਾ ਫਰੀਦਕੋਟ, ਮਹਾਰਾਜਾ ਪਟਿਆਲਾ ਅਤੇ ਜੋ ਇਸ ਇਲਾਕੇ ਦੇ ਪ੍ਰਬੰਧਕ ਸਨ, ਨੇ ਰਾਵੀ ਦਰਿਆ ਤੋਂ ਇਥੋਂ ਤਕ ਜਗ੍ਹਾ ਖਰੀਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਲਈ ਨਹਿਰ ਬਣਵਾਈ। ਇਸ ਤੋਂ ਬਾਅਦ ਬਾਬਾ ਗੁਰਮੁੱਖ ਸਿੰਘ ਵੱਲੋਂ ਸਾਢੇ 8 ਕਿਲੋਮੀਟਰ ਲੰਬਾ ਤੇ 50 ਫੁੱਟ ਚੌੜਾ ਰਸਤਾ ਖਰੀਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਹੰਸਲੀ ਬਣਾਈ ਗਈ। ਪਵਿੱਤਰ ਸਰੋਵਰ ਲਈ ਜਦੋਂ ਵੀ ਜਲ ਦੀ ਲੋੜ ਹੁੰਦੀ ਤਾਂ ਇਸ ਹੰਸਲੀ ਜ਼ਰੀਏ ਪਾਣੀ ਪਹੁੰਚਾਇਆ ਜਾਂਦਾ ਹੈ ਤੇ ਜਦੋਂ ਪੂਰਤੀ ਹੋ ਜਾਂਦੀ ਹੈ ਤਾਂ ਇਸ ਹੰਸਲੀ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਹੰਸਲੀ ’ਚੋਂ ਪਹਿਲਾਂ ਜਲ ਇਕ ਹੌਦ ਵਿਚ ਜਾਂਦਾ ਹੈ, ਜਿਸ ਦੀ ਲੰਬਾਈ 180 ਫੁੱਟ ਤੇ ਚੌੜਾਈ 55 ਫੁੱਟ ਹੈ ਤੇ ਇਹ 15 ਫੁੱਟ ਡੂੰਘਾ ਹੈ, ਜਿਸ ’ਚ ਹਰ ਸਮੇਂ 15 ਫੁੱਟ ਡੂੰਘਾ ਪਾਣੀ ਰਹਿੰਦਾ ਹੈ।
ਇਸ ਹੰਸਲੀ ’ਚ ਦਰਿਆ ’ਚੋਂ ਜਲ ਜਾਂਦਾ ਹੈ ਤਾਂ ਜੋ ਜਲ ’ਚ ਮਿੱਟੀ ਵਗੈਰਾ ਹੋਵੇ, ਉਹ ਇਸ ’ਚ ਜਮ੍ਹਾ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਜਲ ਹੰਸਲੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਜਾਂਦਾ ਹੈ। ਇਸ ਤੋਂ ਬਾਅਦ ਇਹ ਜਲ ਸਾਢੇ ਤਿੰਨ ਫੁੱਟ ਲੰਬੀ ਤੇ ਸਾਢੇ ਤਿੰਨ ਫੁੱਟ ਲੰਬੀ ਹੰਸਲੀ ’ਚ ਜਾਂਦਾ ਹੈ,ਜਿਸ ਤੋਂ ਬਾਅਦ ਇਹ ਪੰਜ ਸਰੋਵਰਾਂ ’ਚ ਜਾਂਦਾ ਹੈ। ਇਹ ਜਲ ਗੁਰਦੁੁਆਰਾ ਸ੍ਰੀ ਰਾਮਸਰ ਸਾਹਿਬ, ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ, ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ, ਗੁਰਦੁਆਰਾ ਮਾਤਾ ਕੌਲਸਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰਾਂ ’ਚ ਭੇਜਿਆ ਜਾਂਦਾ ਹੈ। ਇਥੋਂ ਇਸ ਜਲ ਦੀ ਸਿਸਟਮ ਮੁਤਾਬਕ ਵਰਤੋਂ ਕੀਤੀ ਜਾਂਦੀ ਹੈ। ਇਥੇ ਇਕ ਏਕੜ ਦੇ ਕਰੀਬ ਜਗ੍ਹਾ ’ਚ ਥਾਂ-ਥਾਂ ਹੌਦੀਆਂ ਬਣੀਆਂ ਹੋਈਆਂ ਹਨ। ਇਹ ਸਾਰੀ ਜਗ੍ਹਾ ਗੁਰੂ ਸਿੰਘ ਵੱਲੋਂ ਸ੍ਰੀ ਗੁਰੂ ਰਾਮਦਾਸ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਂ ’ਤੇ ਖਰੀਦੀ ਗਈ ਸੀ। ਇਸ ਜਗ੍ਹਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਕਮੇਟੀ ਵੱਲੋਂ ਨਿਗਰਾਨੀ ਰੱਖੀ ਜਾਂਦੀ ਹੈ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦੀ ਗ੍ਰਿਫ਼ਤਾਰੀ ’ਤੇ ਗ੍ਰਹਿ ਮੰਤਰੀ ਵਿਜ ਨੇ STF ਨੂੰ ਦਿੱਤੀ ਵਧਾਈ
NEXT STORY