ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਕੁਝ ਮਹੀਨੇ ਪਹਿਲਾਂ ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਚੌਂਤਾ ਤੇ ਆਸ-ਪਾਸ ਸ਼ਰੇਆਮ ਵਿਕ ਰਹੇ 'ਚਿੱਟੇ' ਤੇ ਹੋਰ ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਇਨ੍ਹਾਂ ਨਸ਼ਿਆਂ ਕਾਰਨ ਮਰ ਰਹੇ ਨੌਜਵਾਨਾਂ ਤੋਂ ਚਿੰਤਤ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇਕ ਲੋਕ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਵਿੱਢਿਆ ਤੇ ਅੱਜ ਇਸ ਸੰਘਰਸ਼ ਨੂੰ ਉਸ ਵੇਲੇ ਜਿੱਤ ਪ੍ਰਾਪਤ ਹੋਈ, ਜਦੋਂ ਇਲਾਕੇ 'ਚ ਨਸ਼ਾ ਵੇਚਣ ਵਾਲੇ ਸਮੱਗਲਰਾਂ ਨੇ ਨਸ਼ਿਆਂ ਤੋਂ ਤੌਬਾ ਕਰਦਿਆਂ ਉੱਚ ਪੁਲਸ ਅਫਸਰਾਂ ਤੇ ਲੋਕਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।
ਅੱਜ ਪਿੰਡ ਚੌਂਤਾ ਦੇ ਕਮਿਊਨਿਟੀ ਸੈਂਟਰ ਵਿਖੇ ਪੁਲਸ ਅਧਿਕਾਰੀ ਏ. ਡੀ. ਸੀ. ਪੀ. ਰਾਜਵੀਰ ਸਿੰਘ ਬੋਪਾਰਾਏ, ਏ. ਸੇ. ਪੀ. ਹਰਕਮਲ ਬਰਾੜ, ਐੱਸ. ਐੱਚ. ਓ. ਕੂੰਮਕਲਾਂ ਹਰਜਿੰਦਰ ਸਿੰਘ ਤੇ ਹੋਰ ਕੁਝ ਅਧਿਕਾਰੀ ਪਹੁੰਚੇ ਤੇ ਲੋਕ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਨਸ਼ਿਆਂ ਤੋਂ ਤੌਬਾ ਕਰਦਿਆਂ ਪੁਲਸ ਸਾਹਮਣੇ ਆਤਮ-ਸਮਰਪਣ ਕਰਨ ਵਾਲੇ ਵਿਅਕਤੀਆਂ ਵਿਚ ਗੁਰਦੇਵ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਰੂਪਾ, ਜਾਗੀਰ ਸਿੰਘ, ਸੁਰਜੀਤ ਸਿੰਘ ਪੁੱਤਰ ਬੰਤਾ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਨਛੱਤਰ ਸਿੰਘ, ਗੋਪਾਲ ਸਿੰਘ, ਮਹਿੰਗਾ ਸਿੰਘ, ਸੁਰਜੀਤ ਸਿੰਘ ਪੁੱਤਰ ਸੰਤਾ ਸਿੰਘ, ਸੋਨੂੰ ਸਿੰਘ ਤੇ ਲਾਡੀ ਸਿੰਘ ਵੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਆਏ, ਜਿਨ੍ਹਾਂ ਨੂੰ ਬਾਹਰੋਂ ਆਏ ਪਤਵੰਤੇ ਟਿੱਕਾ ਸਿੰਘ ਨੇ ਪੁਲਸ ਸਾਹਮਣੇ ਪੇਸ਼ ਕਰਵਾਇਆ।
ਇਨ੍ਹਾਂ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ। ਏ. ਡੀ. ਸੀ. ਪੀ. ਨੇ ਉਨ੍ਹਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਵਾਰ ਤਾਂ ਤੁਹਾਨੂੰ ਬਖਸ਼ ਦਿੱਤਾ ਹੈ ਪਰ ਜੇ ਫਿਰ ਕੋਈ ਸਮੱਗਲਿੰਗ ਦਾ ਮਾਮਲਾ ਸਾਹਮਣੇ ਆਇਆ ਤਾਂ ਬਖਸ਼ਿਆ ਨਹੀਂ ਜਾਵੇਗਾ। ਲੋਕ ਸੰਘਰਸ਼ ਕਮੇਟੀ ਨੇ ਜਿਥੇ ਪੁਲਸ ਅਫ਼ਸਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ, ਉਥੇ ਹੀ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਬਾਬਾ ਪਾਲ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ ਕੰਡਾ, ਸੁਖਦਰਸ਼ਨ ਸਿੰਘ ਲੱਖੀ, ਨਛੱਤਰ ਸਿੰਘ ਗਾਜ਼ੀਪੁਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਰਾਜਿੰਦਰ ਸਿੰਘ ਮਿਆਣੀ, ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਪ੍ਰੀਤਮ ਸਿੰਘ ਮਾਨਗੜ੍ਹ, ਹਰਨੇਕ ਸਿੰਘ ਢੋਲਣਵਾਲ, ਮੰਗਤ ਸਿੰਘ, ਬਲਵਿੰਦਰ ਸਿੰਘ, ਲਛਮਣ ਸਿੰਘ, ਪਾਲ ਸਿੰਘ, ਸੁਖਵੀਰ ਸਿੰਘ, ਰੂਪ ਲਾਲ ਮਿਆਣੀ, ਨਛੱਤਰ ਸਿੰਘ, ਸਿਕੰਦਰ ਬਖਸ਼, ਪਰਮਜੀਤ ਚੌਂਤਾ, ਲੇਖਰਾਜ ਬੋੜੇ, ਬਲਵਿੰਦਰ ਸਿੰਘ ਬਿੱਟੂ, ਮਲ ਸਿੰਘ ਬਲੀਏਵਾਲ, ਤਰਸੇਮ ਸਿੰਘ ਚੌਂਤਾ, ਬਲਜਿੰਦਰ ਸਿੰਘ ਪਾਂਗਲੀਆ, ਨੰੰਬਰਦਾਰ ਤਰਸੇਮ ਸਿੰਘ ਮਿਆਣੀ, ਨੰਬਰਦਾਰ ਜਸਵੀਰ ਸਿੰਘ ਚੌਂਤਾ, ਸਾਬਕਾ ਸਰਪੰਚ ਚਰਨ ਸਿੰਘ, ਬਲਜੀਤ ਸਿੰਘ ਨੱਥੂ ਭੈਣੀ, ਮੀਤ ਸਿੰਘ, ਦਰਸ਼ਨ ਸਿੰਘ ਮਿੱਠੂ, ਹਰੀ ਰਾਮ, ਅਵਤਾਰ ਸਿੰਘ ਢੋਲਣਵਾਲ, ਬਲਦੇਵ ਸਿੰਘ ਕੂੰਮਕਲਾਂ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਕਾਫ਼ੀ ਸਮੇਂ ਤੋਂ ਨੌਜਵਾਨੀ ਨੂੰ ਨਸ਼ਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ ਸੀ, ਜਿਸ ਲਈ ਇਥੇ ਇਕ ਲੋਕ ਸੰਘਰਸ਼ ਕਮੇਟੀ ਦਾ ਗਠਨ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਰੈਲੀਆਂ ਵੀ ਕੱਢੀਆਂ ਗਈਆਂ, ਜਿਸ ਵਿਚ ਕੂੰਮਕਲਾਂ ਪੁਲਸ ਨੇ ਵੀ ਆਪਣਾ ਪੂਰਨ ਸਹਿਯੋਗ ਦਿੱਤਾ ਤੇ ਲੋਕ ਸੰਘਰਸ਼ ਕਮੇਟੀ ਦੀ ਮਿਹਨਤ ਸਦਕਾ ਅੱਜ ਇਲਾਕੇ ਦੇ ਕਈ ਲੋਕ ਨਸ਼ਾ ਛੱਡ ਰਹੇ ਹਨ, ਉਥੇ ਹੀ ਸਮੱਗਲਿੰਗ ਤੋਂ ਵੀ ਤੌਬਾ ਕਰ ਗਏ ਹਨ।
ਇਨ੍ਹਾਂ ਸਮੱਗਲਰਾਂ ਦੇ ਪਰਿਵਾਰਾਂ ਵਲੋਂ ਮੋਹਤਬਰ ਬੰਦਿਆਂ ਰਾਹੀਂ ਉੱਚ ਪੁਲਸ ਅਫਸਰਾਂ ਤੇ ਲੋਕ ਸੰਘਰਸ਼ ਕਮੇਟੀ ਦੇ ਮੈਂਬਰਾਂ ਤਕ ਪਹੁੰਚ ਕਰ ਕੇ ਆਤਮ-ਸਮਰਪਣ ਦੀ ਗੱਲ ਚਲਾਈ ਗਈ। ਲੋਕ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਇਨ੍ਹਾਂ ਨੂੰ ਪੱਕੇ ਅਸ਼ਟਾਮਾਂ 'ਤੇ ਹਲਫੀਆ ਬਿਆਨ ਦੇ ਕੇ ਮੁਆਫ ਕਰਨ ਦੀ ਸ਼ਰਤ ਰੱਖੀ, ਜਿਸ ਤਹਿਤ ਅੱਜ ਪੁਲਸ ਨੇ ਇਨ੍ਹਾਂ ਨੂੰ ਮੁਆਫ਼ੀ ਦੇ ਕੇ ਅੱਗੇ ਤੋਂ ਨਸ਼ੇ ਵਾਲੇ ਪਦਾਰਥ ਵੇਚਣ ਦੀ ਬਜਾਏ ਇਸ ਕੋਹੜ ਨੂੰ ਫੈਲਾਉਣ ਵਾਲਿਆਂ ਨੂੰ ਕਾਬੂ ਕਰਵਾਉਣ ਲਈ ਪ੍ਰੇਰਿਤ ਕੀਤਾ।
ਗੈਂਗਸਟਰਾਂ ਨੇ ਵਾਰਡਨ ਨਾਲ ਕੀਤੀ ਕੁੱਟ-ਮਾਰ ਤੇ ਵਰਦੀ ਪਾੜੀ
NEXT STORY