ਜਲੰਧਰ(ਧਵਨ)- ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਕੁਝ ਨੇਤਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਬਾਦਲ ਪਿੰਡ ਵਿਚ ਪਿਛਲੇ ਦਿਨੀਂ ਵੱਡੇ ਪੈਮਾਨੇ ’ਤੇ ਫੜੀ ਗਈ ਸ਼ਰਾਬ ਨੂੰ ਲੈ ਕੇ ਇਨ੍ਹਾਂ ਨੇਤਾਵਾਂ ਨੇ ਧਰਨਾ ਕਿਉਂ ਨਹੀਂ ਲਾਇਆ।
ਜਾਖੜ ਨੇ ਕਿਹਾ ਕਿ ਪੰਜਾਬ ’ਚ ਜਦੋਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸਨ ਤਾਂ ਰਾਜਪਾਲ ਨੂੰ ਮੰਗ-ਪੱਤਰ ਦੇਣ ਵਾਲੇ ਨੇਤਾ ਹੁਣ ਗਾਇਬ ਕਿਉਂ ਹੋ ਗਏ ਹਨ? ਅਜਿਹੇ ਨੇਤਾ ਬਾਦਲ ਪਿੰਡ ’ਚ ਜਾ ਕੇ ਧਰਨਾ ਕਿਉਂ ਨਹੀਂ ਲਾਉਂਦੇ? ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਨੂੰ ਸਿਰਫ ਮਗਰਮੱਛ ਦੇ ਹੰਝੂ ਵਹਾਉਣ ਦੀ ਆਦਤ ਪੈ ਗਈ ਹੈ। ਇਨ੍ਹਾਂ ਨੇਤਾਵਾਂ ਦਾ ਹੁਣ ਭਾਂਡਾ ਭੰਨਿਆ ਜਾ ਚੁੱਕਾ ਹੈ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵਾਰ-ਵਾਰ ਨਿਸ਼ਾਨਾ ਲਾਉਣ ਵਾਲੇ ਨੇਤਾ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ਤੇ ‘ਆਪ’ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਵੀ ਰੋਜ਼ਾਨਾ ਬਿਆਨਬਾਜ਼ੀ ਕਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਵੀ ਧਰਨਾ ਲਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ’ਚ ਈ. ਡੀ. ਜਾਂ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ।
ਕੋਵਿਡ ਸਬੰਧੀ ਉਨ੍ਹਾਂ ਕਿਹਾ ਕਿ ਭਾਵੇਂ ਕੇਸਾਂ ਵਿਚ ਕਮੀ ਆਈ ਹੈ ਪਰ ਪੰਜਾਬ ਵਿਚ ਮੌਤ ਦੀ ਦਰ ਅਜੇ ਵੀ ਜ਼ਿਆਦਾ ਬਣੀ ਹੋਈ ਹੈ। ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।
ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 2,206 ਨਵੇਂ ਮਾਮਲੇ, 91 ਮਰੀਜ਼ਾਂ ਦੀ ਹੋਈ ਮੌਤ
NEXT STORY