ਜੈਤੋ(ਗੁਰਮੀਤਪਾਲ)- ਬਰਗਾੜੀ ਮੋਰਚੇ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸਿੱਖ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ, ਇਕੱਠ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇੱਕਠ ਦੌਰਾਨ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗੂੰਜੇ। ਜਿਸ ਵਿਚ ਮੋਰਚੇ ਦੀ ਅਗਲੀ ਰੂਪ ਰੇਖਾ ਅਤੇ ਵਿਉਂਤਬੰਦੀ ਬਾਰੇ ਵੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਸਿੱਖ ਆਗੂਆਂ ਚਰਚਾ ਕੀਤੀ। ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਿਰਸੇ ਵਾਲੇ ਡੇਰੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਰਚੀ ਵੱਡੀ ਸਾਜ਼ਿਸ ਅਨੁਸਾਰ ਉਨ੍ਹਾਂ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜਕੇ ਰੂੜੀਆਂ, ਨਾਲੀਆਂ ਵਿਚ ਖਿਲਾਰਕੇ ਅਪਮਾਨ ਕਰਦੇ ਹੋਏ ਸਿੱਖ ਦੇ ਮਨਾਂ ਨੂੰ ਗਹਿਰਾ ਦੁੱਖ ਪਹੁੰਚਾਇਆ ਸੀ । ਉਸ ਸਮੇਂ ਤੋਂ ਹੀ ਸਿੱਖ ਕੌਮ ਦੇ ਮਨ ਅਤੇ ਆਤਮਾਵਾਂ ਵਲੂੰਧਰੀਆਂ ਪਈਆਂ ਹਨ । ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ, ਪੁਲਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਸਿੱਖ ਕੌਮ ਨੂੰ ਇਨਸਾਫ ਦੇਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਕੋਈ ਅਮਲ ਨਹੀਂ ਕੀਤਾ । ਜਦੋਂ ਇਸ ਇਨਸਾਫ ਪ੍ਰਾਪਤੀ ਲਈ ਸਿੱਖ ਕੌਮ ਵੱਲੋਂ ਬਹਿਬਲ ਕਲਾਂ ਵਿਖੇ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਰੋਸ਼ ਇਕੱਤਰਤਾ ਕੀਤੀ ਗਈ ਤਾਂ ਉਸ ਸਮੇਂ ਦੀ ਬਾਦਲ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਹੋਰ ਕਈ ਪੁਲਸ ਅਧਿਕਾਰੀਆਂ ਵੱਲੋਂ ਗੋਲੀ ਚਲਾ ਕੇ ਦੋ ਸਿੱਖ ਨੌਜ਼ਵਾਨਾਂ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਜੰਡਿਆਲਾ ਗੁਰੂ ਕਣਕ ਘਪਲਾ : ਜ਼ਿੰਮੇਵਾਰ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ
ਉਸ ਸਮੇਂ ਤੋਂ ਹੀ ਸਿੱਖ ਕੌਮ ਸਿਰਸੇ ਵਾਲੇ ਡੇਰੇ ਦੇ ਮੁੱਖੀ, ਦੋਸ਼ੀ ਉਸਦੇ ਚੇਲਿਆ, ਗੋਲੀ ਚਲਾਉਣ ਵਾਲੇ ਪੁਲਸ ਅਧਿਕਾਰੀਆਂ ਅਤੇ ਸਾਜ਼ਿਸ ਰਚਨ ਵਾਲੇ ਸਿਆਸਤਦਾਨਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੀ ਆ ਰਹੀ ਹੈ । ਜਦੋਂ ਬਣਨ ਵਾਲੀਆਂ ਸਿਟ ਕਮੇਟੀਆ ਦੀ ਜਾਂਚ ਰਿਪੋਰਟ ਵਿਚ ਸ. ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ , ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਸਿਰਸੇ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਨਾਮ ਦੋਸ਼ੀਆਂ ਦੀ ਸੂਚੀ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ, ਫਿਰ ਪੰਜਾਬ ਸਰਕਾਰ ਇਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ? ਇਸ ਵਿਸ਼ੇ 'ਤੇ ਨਾ ਤਾਂ ਅਦਾਲਤਾਂ, ਨਾ ਹੀ ਪੰਜਾਬ ਸਰਕਾਰ ਵੱਲੋਂ ਕੋਈ ਉਸਾਰੂ ਅਮਲ ਹੋਇਆ। ਬਲਕਿ ਇਸ ਦੁੱਖਦਾਇਕ ਕਾਂਡ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜੋ ਉਪਰੋਕਤ ਚੋਟਾਲਾ ਪਰਿਵਾਰ ਦੇ ਨਜ਼ਦੀਕੀ ਹਨ, ਉਨ੍ਹਾਂ ਦੇ ਨਾਮ ਦੋਸ਼ ਸੂਚੀ ਵਿਚ ਆ ਰਹੇ ਸਨ। ਪੰਜਾਬ ਸਰਕਾਰ ਨੂੰ ਹੋਂਦ ਵਿਚ ਆਇਆ ਸਾਢੇ ਚਾਰ ਸਾਲ ਦਾ ਸਮਾਂ ਬੀਤ ਗਿਆ ਹੈ, ਕੋਈ ਇਕ ਵੀ ਦੋਸ਼ੀ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਗਈ ਹੈ ਜਿਸ ਨਾਲ ਸਮੁੱਚੀ ਸਿੱਖ ਕੌਮ ਦੀਆਂ ਆਤਮਾਵਾਂ ਬੁਰੀ ਤਰ੍ਹਾਂ ਵਲੂੰਧਰੀਆ ਪਈਆ ਹਨ ਅਤੇ ਵੱਡੇ ਰੋਹ ਵਿਚ ਹਨ ।
ਇਹ ਵਿਚਾਰ ਸ . ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੇ ਮੁੱਦੇ ਉਤੇ ਰੱਖੇ ਪੰਥਕ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ ।
ਇਹ ਵੀ ਪੜ੍ਹੋ- 10 ਮੈਂਬਰੀ ਚੋਰ ਤੇ ਲੁਟੇਰਾ ਗਿਰੋਹ ਕਾਬੂ, ਮੋਟਰਸਾਈਕਲ ਤੇ ਮੋਬਾਇਲ ਬਰਾਮਦ
ਇਸ ਤੋਂ ਇਲਾਵਾ ਇਸ ਮੌਕੇ ਪੰਥ ਹਿਤੈਸ਼ੀ ਜਥੇਬੰਦੀਆਂ, ਸੰਤ ਮਹਾਪੁਰਸ਼ ਅਤੇ ਟਕਸਾਲਾਂ ਦੇ ਨੁਮਾਇੰਦਿਆ ਨੇ ਹਾਜ਼ਰੀ ਲਵਾਈ। ਮਾਨ ਨੇ ਅੱਗੇ ਕਿਹਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਅਤੇ ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆ ਦੀ ਗ੍ਰਿਫਤਾਰੀ ਹੋਣ ਤੱਕ ਇਹ ਪੰਥਕ ਇਕੱਠ ਸਮੇਂ-ਸਮੇਂ ’ਤੇ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਮੀਦ ਤੋਂ ਕਿਤੇ ਜ਼ਿਆਦਾ ਸੰਗਤ ਦੇ ਪੁੱਜਣ ਕਾਰਨ ਪ੍ਰਬੰਧਾਂ ਦੀ ਘਾਟ ਨਜ਼ਰ ਆਈ। ਪੱਤਰਕਾਰਾਂ ਅਤੇ ਮੀਡੀਆ ਵਾਲਿਆਂ ਨੂੰ ਵੀ ਖਿੱਚੋਤਾਣ ਦਾ ਸ਼ਿਕਾਰ ਹੋਣਾ ਪਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
10 ਮੈਂਬਰੀ ਚੋਰ ਤੇ ਲੁਟੇਰਾ ਗਿਰੋਹ ਕਾਬੂ, ਮੋਟਰਸਾਈਕਲ ਤੇ ਮੋਬਾਇਲ ਬਰਾਮਦ
NEXT STORY