ਸੁਲਤਾਨਪੁਰ ਲੋਧੀ (ਧੀਰ)— ਹਲਕਾ ਸੁਲਤਾਨਪੁਰ ਲੋਧੀ 'ਚ ਆਏ ਹੜ੍ਹ ਕਾਰਨ ਸ਼ਨੀਵਾਰ ਇਕ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਗਿਆਨ ਕੌਰ ਪਤਨੀ ਸੰਤ ਰਾਮ ਵਾਸੀ ਵਾਟਾਂਵਾਲੀ ਤਹਿਸੀਲ ਸੁਲਤਾਨਪੁਰ ਲੋਧੀ ਨੂੰ ਬੀਤੇ 21 ਅਗਸਤ ਨੂੰ ਜਦੋਂ ਪਿੰਡ ਦੇ ਨਜ਼ਦੀਕ ਬੰਨ੍ਹ ਟੁੱਟਣ ਕਾਰਨ ਪਾਣੀ ਪਿੰਡ 'ਚ ਦਾਖਲ ਹੋਣ ਦੀ ਸੂਚਨਾ ਮਿਲੀ ਤਾਂ ਉਹ ਬਚਾਓ ਲਈ ਆਪਣੇ ਸਾਮਾਨ ਨੂੰ ਛੱਤ 'ਤੇ ਚੜ੍ਹਾ ਰਹੀ ਸੀ ਪਰ ਔਰਤ ਬਜ਼ੁਰਗ ਹੋਣ ਕਾਰਨ ਲੱਕੜ ਦੀ ਪੌੜੀ ਤੋਂ ਹੇਠਾਂ ਡਿੱਗ ਪਈ। ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਕਪੂਰਥਲਾ ਲਈ ਰੈਫਰ ਕਰ ਦਿੱਤਾ। ਜਿਥੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਕਤ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਦਾ ਵੀ ਕੋਈ ਅਤਾ ਪਤਾ ਨਹੀਂ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਦਸਿਆ ਕਿ ਉਕਤ ਔਰਤ ਦੀ ਮੌਤ ਬਾਰੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇ ਉਸ ਔਰਤ ਦੀ ਮੌਤ ਹੜ੍ਹ ਕਾਰਨ ਹੋਈ ਹੋਵੇਗੀ ਤਾਂ ਉਸਨੂੰ ਸਰਕਾਰ ਵਲੋਂ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਉਸ ਦੇ ਪਤੀ ਦੇ ਲਾਪਤਾ ਹੋਣ ਬਾਰੇ ਕਿਹਾ ਕਿ ਪੁਲਸ ਵਲੋਂ ਕੀਤੀ ਜਾਂਚ ਤੇ ਉਸ ਦਾ ਪਤੀ ਹਸਪਤਾਲ ਤੋਂ ਘਰ ਇਲਾਜ ਲਈ ਪੈਸੇ ਲੈਣ ਗਿਆ ਤੇ ਫਿਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ। ਪੁਲਸ ਉਸਦੇ ਮੋਬਾਇਲ ਦੀ ਕਾਲ ਡਿਟੇਲ ਵੀ ਕਢਵਾ ਕੇ ਸਾਰੀ ਜਾਂਚ ਕਰ ਰਹੀ ਹੈ। ਜਾਂਚ ਤੋਂ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।
ਫਾਇਰਿੰਗ ਦੇ ਦੋਸ਼ਾਂ ਹੇਠ ਬਲਾਕ ਸੰਮਤੀ ਮੈਂਬਰ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ
NEXT STORY