ਤਲਵੰਡੀ ਸਾਬੋ,(ਮੁਨੀਸ਼): ਸ਼ਹਿਰ 'ਚ ਦੇਰ ਰਾਤ ਨਗਰ 'ਚ ਸ਼ਰਾਬ ਦੇ ਠੇਕੇਦਾਰ ਦੇ ਮੈਨੇਜਰ ਤੇ ਕਰਿੰਦਿਆਂ 'ਤੇ ਮਾਰ ਦੇਣ ਦੀ ਨੀਅਤ ਨਾਲ ਕਥਿਤ ਤੌਰ 'ਤੇ ਫਾਇਰਿੰਗ ਕਰਨ ਦੇ ਦੋਸ਼ਾਂ ਹੇਠ ਅੱਜ ਤਲਵੰਡੀ ਸਾਬੋ ਪੁਲਸ ਨੇ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸਮੇਤ ਚਾਰ ਲੋਕਾਂ 'ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਕੋਲ ਦਰਜ ਕਰਵਾਏ ਮਾਮਲੇ ਅਨੁਸਾਰ ਰਵੀ ਕੁਮਾਰ ਮੈਨੇਜਰ ਮਲਹੋਤਰਾ ਵਾਈਨ ਬ੍ਰਾਂਚ ਤਲਵੰਡੀ ਸਾਬੋ ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਬੂਟਾ ਰਾਮ ਨੇ ਦੱਸਿਆ ਕਿ ਬੀਤੀ ਰਾਤ 11 ਕੁ ਵਜੇ ਫਾਰਚੂਨਰ ਗੱਡੀ 'ਤੇ ਸਵਾਰ ਹੋ ਕੇ ਜਗਦੇਵ ਸਿੰਘ ਜੱਜਲ ਆਪਣੇ ਤਿੰਨ ਸਾਥੀਆਂ ਸਮੇਤ ਰੋੜੀ ਰੋਡ ਨੇੜੇ ਉਨ੍ਹਾਂ ਦੇ ਦਫਤਰ ਨੇੜੇ ਪੁੱਜਾ ਤੇ ਜਦੋਂ ਉਸ ਨੇ ਲਲਕਾਰੇ ਮਾਰਨੇ ਸ਼ੁਰੂ ਕੀਤੇ ਤਾਂ ਉਨ੍ਹਾਂ ਦੋਵਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਦੇਖਦਿਆਂ ਹੀ ਜਗਦੇਵ ਸਿੰਘ ਨੇ ਉਨ੍ਹਾਂ ਉੱਪਰ 12 ਬੋਰ ਦੀ ਬੰਦੂਕ ਨਾਲ ਫਾਇਰ ਕਰ ਦਿੱਤਾ, ਜਿਸ 'ਚ ਉਹ ਮਸਾਂ ਬਚੇ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਦਫਤਰ ਦਾ ਸਟਾਫ ਬਾਹਰ ਨਿਕਲਿਆ ਤਾਂ ਕਥਿਤ ਦੋਸ਼ੀ ਗੱਡੀ 'ਤੇ ਭੱਜ ਨਿਕਲੇ। ਉਕਤ ਦੋਵਾਂ ਕਰਿੰਦਿਆਂ ਦੇ ਬਿਆਨਾਂ 'ਤੇ ਅੱਜ ਤਲਵੰਡੀ ਸਾਬੋ ਪੁਲਸ ਨੇ ਜਗਦੇਵ ਸਿੰਘ, ਹਰਪ੍ਰੀਤ ਸਿੰਘ ਲੋਗੜ, ਜਸਵਿੰਦਰਪਾਲ ਸ਼ਰਮਾ, ਪਰਮਿੰਦਰਪਾਲ ਸ਼ਰਮਾ ਵਾਸੀਆਨ ਜੱਜਲ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਏ. ਐੱਸ. ਆਈ. ਸੁਲੱਖਣ ਸਿੰਘ ਦੇ ਦੱਸਣ ਅਨੁਸਾਰ ਜਗਦੇਵ ਸਿੰਘ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਅਤੇ ਉਹ ਸ਼ਰਾਬ ਦੇ ਠੇਕੇਦਾਰਾਂ ਦੀ ਰੇਡ ਪਾਰਟੀ ਦੇ ਉਕਤ ਕਰਿੰਦਿਆਂ ਨਾਲ ਰੰਜਿਸ਼ ਰੱਖਦਾ ਸੀ, ਜਿਸ ਕਾਰਣ ਉਸ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਥਾਣਾ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਕਥਿਤ ਦੋਸ਼ੀਆਨ ਦੀ ਭਾਲ ਲਈ ਛਾਪੇਮਾਰੀ ਆਰੰਭ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਹੜ੍ਹ ਕਾਰਨ ਕਿੰਨਾ ਪ੍ਰਭਾਵਿਤ ਹੋਇਆ ਕਪੂਰਥਲਾ, ਜਾਣੋ ਲੇਖਾ-ਜੋਖਾ
NEXT STORY