ਨਵਾਂਸ਼ਹਿਰ (ਤ੍ਰਿਪਾਠੀ) - ਦੋਸਤ ਨਾਲ ਮਿਲ ਕੇ 23 ਸਾਲਾ ਵਿਆਹੁਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ 1 ਸਾਲ ਦੇ ਬੱਚੇ ਦੀ ਮਾਂ ਵੀ ਸੀ। ਉਕਤ ਮਹਿਲਾ ਦਾ ਕਤਲ ਉਸ ਦੇ ਪਤੀ ਵੱਲੋਂ ਹੀ ਕੀਤਾ ਗਿਆ। ਕਤਲ ਕਰਨ ਵਾਲੇ ਦੋਸ਼ੀ ਪਤੀ ਅਤੇ ਦੋਸਤ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰੈੱਸ ਕਾਨਫ਼ਰੰਸ ਵਿਚ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਬੀਤੀ 9 ਫਰਵਰੀ ਨੂੰ ਪੁਲਸ ਬਲਾਚੌਰ ਦੇ ਅਧੀਨ ਪੈਂਦੇ ਪਿੰਡ ਭੱਦੀ ਦੇ ਜੰਗਲ ਤੋਂ ਇਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਨੂੰ ਪੁਲਸ ਨੇ ਪੋਸਟਮਾਰਟਮ ਅਤੇ ਮਹਿਲਾ ਦੀ ਪਛਾਣ ਲਈ ਬਲਾਚੌਰ ਦੀ ਮੋਰਚਰੀ ਵਿਚ ਰੱਖਵਾਇਆ ਸੀ।
ਉਕਤ ਔਰਤ ਦੀ ਪਛਾਣ ਕਿਰਨ ਦੇਵੀ (23) ਪਤਨੀ ਸ਼ਰਨਜੀਤ ਸਿੰਘ ਵਾਸੀ ਪਿੰਡ ਹਸਨਪੁਰ ਕਲਾਂ ਥਾਣਾ ਕਾਠਗੜ੍ਹ ਦੇ ਤੌਰ ’ਤੇ ਹੋਈ ਸੀ। ਮ੍ਰਿਤਕਾ ਦੀ ਮਾਤਾ ਕਮਸ਼ੇਰ ਰਾਣੀ ਪਤਨੀ ਪ੍ਰਦੀਪ ਸਿੰਘ ਵਾਸੀ ਸੈਲਾ ਕਲਾਂ ਹਾਲ ਵਾਸੀ ਸਮੁੰਦੜਾ ਨੇ ਪੁਲਸ ਨੂੰ ਦਿੱਤੀ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਧੀ ਦਾ ਵਿਆਹ 2021 ਵਿਚ ਸ਼ਰਨਜੀਤ ਸਿੰਘ ਪੁੱਤਰ ਦਲੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਕੁੜੀ ਦੇ ਘਰ ਇਕ ਬੱਚੀ ਨੇ ਜਨਮ ਲਿਆ। ਉਸ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਦਾ ਦੋਸਤ ਰੋਹਿਤ ਪੁੱਤਰ ਬਿਕਰਮ ਸਿੰਘ ਉਰਫ਼ ਕਾਲਾ ਵਾਸੀ ਪਿੰਡ ਪਰਾਗਪੁਰ ਮੰਡ ਆਪਣੀ ਆਲਟੋ ਕਾਰ ਵਿਚ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ, ਦੇ ਨਾਲ ਸ਼ਰਾਬ ਪੀ ਕੇ ਉਸ ਦੀ ਧੀ ਨਾਲ ਕੁੱਟਮਾਰ ਕਰਦਾ ਸੀ, ਜਿਸ ’ਤੇ ਉਸ ਦੀ ਕੁੜੀ ਨਵਾਂਸ਼ਹਿਰ ਵਿਖੇ ਇਕ ਕਿਰਾਏ ਦੇ ਮਕਾਨ ’ਤੇ ਅਲੱਗ ਰਹਿਣ ਲੱਗੀ।
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਦੋਮੋਰੀਆ ਪੁਲ ਨੇੜੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਇਸ ਲਈ ਉਸ ਦਾ ਜਵਾਈ ਉਸ ਦੀ ਕੁੜੀ ਨਾਲ ਰੰਜ਼ਿਸ਼ ਰੱਖਦਾ ਸੀ। ਉਸ ਨੇ ਦੱਸਿਆ ਕਿ ਬੀਤੀ 5 ਫਰਵਰੀ ਨੂੰ ਉਸ ਦੇ ਜਵਾਈ ਨੇ ਉਸ ਦੀ ਕੁੜੀ ਨੂੰ ਆਪਣੀ ਬੇਟੀ ਦੇ ਜਨਮ ਦਿਨ ’ਤੇ ਗਿਫ਼ਟ ਲੈ ਕੇ ਦੇਣ ਲਈ ਬਲਾਚੌਰ ਬੁਲਾਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਦਾ ਪਤੀ ਆਪਣੇ ਦੋਸਤ ਨਾਲ ਮ੍ਰਿਤਕਾ ਨੂੰ ਆਲਟੋ ਕਾਰ ਵਿਚ ਲੈ ਗਿਆ ਅਤੇ ਕਾਰ ਵਿਚ ਉਸ ਦੇ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਭੱਦੀ ਦੇ ਜੰਗਲਾਂ ’ਚ ਸੁੱਟ ਦਿੱਤਾ।
ਐੱਸ. ਐੱਸ. ਪੀ. ਨੇ ਦੱਸਿਆ ਕਿ ਐੱਸ. ਪੀ. ਇਕਬਾਲ ਸਿੰਘ, ਡੀ. ਐੱਸ. ਪੀ. ਬਲਾਚੌਰ ਦਵਿੰਦਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਚਾਂਦ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ’ਤੇ ਆਧਾਰਿਤ ਪੁਲਸ ਟੀਮ ਦਾ ਗਠਨ ਕਰਕੇ ਉਕਤ ਮਾਮਲੇ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਮਹਿਜ਼ 24 ਘੰਟਿਆਂ ’ਚ ਕਤਲ ਦੇ ਦੋਸ਼ੀ ਮ੍ਰਿਤਕਾ ਦੇ ਪਤੀ ਸ਼ਰਨਜੀਤ ਸਿੰਘ ਅਤੇ ਉਸ ਦੇ ਦੋਸਤ ਰੋਹਿਤ ਨੂੰ ਗ੍ਰਿਫ਼ਤਾਰ ਕਰਕੇ ਕਤਲ ਵਿਚ ਵਰਤੀ ਗਈ ਆਲਟੋ ਕਾਰ ਨੂੰ ਬਰਾਮਦ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਇਕਬਾਲ ਸਿੰਘ, ਡੀ. ਐੱਸ. ਪੀ. ਸੁਰਿੰਦਰ ਚਾਂਦ, ਡੀ. ਸੀ. ਪੀ. ਦਵਿੰਦਰ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਅਤੇ ਸਬ ਇੰਸਪੈਕਟਰ ਜਰਨੈਲ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ: ਨਿੱਕੀ ਜਿਹੀ ਗੱਲ ਪਿੱਛੇ ਹੋਇਆ ਵਿਵਾਦ ਤਾਂ ਜੀਪ ਵਾਲੇ ਨੇ ਕਰ 'ਤਾ ਕਾਂਡ, ਵੇਖਦੇ ਰਹਿ ਗਏ ਲੋਕ (ਵੀਡੀਓ)
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
NEXT STORY